ਸਿਲੀਗੁੜੀ, 11 ਅਪਰੈਲ
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕੂਚ ਬਿਹਾਰ ਵਿਚ ਹੋਈ ਗੋਲੀਬਾਰੀ ਦੀ ਘਟਨਾ ਨੂੰ “ਨਸਲਕੁਸ਼ੀ” ਕਰਾਰ ਦਿੰਦਿਆਂ ਕਿਹਾ ਕਿ ਚੋਣ ਕਮਿਸ਼ਨ ਨੇ ਜ਼ਿਲ੍ਹੇ ਵਿਚ ਨੇਤਾਵਾਂ ਦੇ ਦਾਖਲੇ ’ਤੇ 72 ਘੰਟਿਆਂ ਲਈ ਪਾਬੰਦੀ ਲਗਾ ਦਿੱਤੀ ਹੈ, ਕਿਉਂਕਿ ਉਹ ਚਾਹੁੰਦੇ ਹਨ ਕਿ “ਤੱਥਾਂ ਨੂੰ ਦਬਾ ਦਿੱਤਾ ਜਾਵੇ।” ਤ੍ਰਿਣਮੂਲ ਮੁਖੀ ਨੇ ਇਥੇ ਪ੍ਰੈਸ ਕਾਨਫਰੰਸ ਵਿੱਚ ਦੋਸ਼ ਲਾਇਆ ਕਿ ਕੇਂਦਰੀ ਬਲਾਂ ਨੇ ਰਾਜ ਵਿਧਾਨ ਸਭਾ ਚੋਣਾਂ ਦੇ ਚੌਥੇ ਪੜਾਅ ਦੌਰਾਨ ਸੀਤਲਕੁਚੀ ਖੇਤਰ ਵਿੱਚ ਲੋਕਾਂ ਦੇ “ਧੜਿਆਂ” ’ਤੇ ਗੋਲੀਆਂ ਚਲਾਈਆਂ। ਬੈਨਰਜੀ ਨੇ ਕਿਹਾ, “ਸੀਤਲਕੁਚੀ ਵਿੱਚ ਨਸਲਕੁਸ਼ੀ ਹੋਈ। ਮੈਂ 14 ਅਪਰੈਲ ਤੱਕ ਸੀਤਲਕੁਚੀ ਜਾਣਾ ਚਾਹੁੰਦੀ ਹਾਂ। ਕੂਚ ਬਿਹਾਰ ਵਿੱਚ ਦਾਖਲ ਹੋਣ ਦੀ ਮਨਾਹੀ ਕਰਕੇ ਕਮਿਸ਼ਨ ਤੱਥਾਂ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਸਾਡੇ ਕੋਲ ਅਯੋਗ ਗ੍ਰਹਿ ਮੰਤਰੀ ਅਤੇ ਅਯੋਗ ਕੇਂਦਰ ਸਰਕਾਰ ਹੈ।” ਪੁਲੀਸ ਨੇ ਕਿਹਾ ਸੀ ਕਿ ਕੇਂਦਰੀ ਉਦਯੋਗਿਕ ਸੁਰੱਖਿਆ ਬਲ (ਸੀਆਈਐੱਸਐੱਫ) ਨੇ ਸ਼ਨਿਚਰਵਾਰ ਨੂੰ ਸਥਾਨਕ ਕੂਚ ਬਿਹਾਰ ਜ਼ਿਲ੍ਹੇ ਵਿਚ ਕਥਿਤ ਤੌਰ ‘ਤੇ ਗੋਲੀਬਾਰੀ ਕੀਤੀ ਜਿਸ ਵਿਚ ਚਾਰ ਲੋਕਾਂ ਦੀ ਮੌਤ ਹੋ ਗਈ। ਇਹ ਕਿਹਾ ਜਾ ਰਿਹਾ ਹੈ ਕਿ ਸਥਾਨਕ ਲੋਕਾਂ ਨੇ ਸੀਆਈਐੱਸਐੱਫ ਦੇ ਜਵਾਨਾਂ ਦੀਆਂ “ਰਾਈਫਲਾਂ ਖੋਹਣ ਦੀ ਕੋਸ਼ਿਸ਼ ਕੀਤੀ।” ਬੈਨਰਜੀ ਨੇ ਦੋਸ਼ ਲਗਾਇਆ, “ਸੀਆਈਐੱਸਐੱਫ ਨਹੀਂ ਜਾਣਦੀ ਕਿ ਹਾਲਤਾਂ ਨਾਲ ਕਿਵੇਂ ਨਜਿੱਠਿਆ ਜਾਵੇ।” ਮੈਂ ਚੋਣਾਂ ਦੇ ਪਹਿਲੇ ਪੜਾਅ ਤੋਂ ਹੀ ਕਹਿੰਦੀ ਆ ਰਹੀ ਹਾਂ ਕਿ ਕੇਂਦਰੀ ਬਲਾਂ ਦਾ ਇਕ ਹਿੱਸਾ ਲੋਕਾਂ ’ਤੇ ਤਸ਼ੱਦਦ ਕਰ ਰਿਹਾ ਹੈ। ਮੈਂ ਨੰਦੀਗ੍ਰਾਮ ਵਿੱਚ ਵੀ ਇਹ ਮਸਲਾ ਚੁੱਕਿਆ ਸੀ ਪਰ ਮੇਰੇ ਗੱਲ ਵੱਲ ਕਿਸੇ ਨੇ ਧਿਆਨ ਨਹੀਂ ਦਿੱਤਾ।’