ਨਵੀਂ ਦਿੱਲੀ, 24 ਜੂਨ
ਸੁਪਰੀਮ ਕੋਰਟ ਨੇ ਸਾਢੇ ਸੱਤ ਸਾਲਾਂ ਦੀ ਮਾਨਸਿਕ ਅਤੇ ਸਰੀਰਕ ਅਪਾਹਜ ਲੜਕੀ ਦੀ ਅਗਵਾ ਤੇ ਜਬਰ-ਜਨਾਹ ਮਗਰੋਂ ਹੱਤਿਆ ਦੇ ਕੇਸ ਵਿੱਚ ਦੋਸ਼ੀ ਦੀ ਮੌਤ ਦੀ ਸਜ਼ਾ ਬਰਕਰਾਰ ਰੱਖੀ ਹੈ। ਅਦਾਲਤ ਨੇ ਕਿਹਾ ਕਿ ਇਹ ਅਪਰਾਧ ਬੇਹੱਦ ਅਨੈਤਿਕ ਹੈ ਜਿਹੜਾ ਆਤਮਾ ਨੂੰ ਝੰਜੋੜਦਾ ਹੈ ਅਤੇ ਇਸ ਵਾਸਤੇ ਮੌਤ ਦੀ ਸਜ਼ਾ ਤੋਂ ਇਲਾਵਾ ਕੋਈ ਹੋਰ ਬਦਲ ਨਹੀਂ ਹੈ। ਇਹ ਘਟਨਾ ਰਾਜਸਥਾਨ ਦੇ ਰਾਜਸਾਮੰਡ ਜ਼ਿਲ੍ਹੇ ਦੀ ਹੈ ਜਿੱਥੇ 17 ਜਨਵਰੀ 2013 ਨੂੰ ਦੋਸ਼ੀ ਮਨੋਜ ਪ੍ਰਤਾਪ ਸਿੰਘ ਨੇ ਸਰੀਰਕ ਤੇ ਮਾਨਿਸਕ ਤੌਰ ’ਤੇ ਚੁਣੌਤੀਗ੍ਰਸਤ ਨਾਬਾਲਗ ਲੜਕੀ ਨੂੰ ਉਸ ਦੇ ਮਾਤਾ ਪਿਤਾ ਦੀ ਫਲ-ਸਬਜ਼ੀਆਂ ਦੀ ਰੇਹੜੀ ਦੇ ਸਾਹਮਣਿਉਂ ਅਗਵਾ ਕਰ ਲਿਆ ਸੀ ਅਤੇ ਜਬਰ-ਜਨਾਹ ਮਗਰੋਂ ਉਸ ਦੀ ਹੱਤਿਆ ਕਰ ਦਿੱਤੀ। ਦੋਸ਼ੀ ਨੇ ਰਾਜਸਥਾਨ ਹਾਈ ਕੋਰਟ ਵੱਲੋਂ ਸੁਣਾਏ ਫ਼ੈਸਲੇ ਖ਼ਿਲਾਫ਼ ਸੁਪਰੀਮ ਕੋਰਟ ’ਚ ਅਪੀਲ ਕੀਤੀ ਸੀ। ਰਾਜਸਥਾਨ ਹਾਈ ਕੋਰਟ ਨੇ 29 ਮਈ 2015 ਨੂੰ ਫੈਸਲਾ ਦਿੰਦਿਆਂ ਇਸ ਮਾਮਲੇ ਵਿੱਚ ਸੈਸ਼ਨ ਕੋਰਟ ਵੱਲੋਂ ਦੋਸ਼ੀ ਨੂੰ ਸੁਣਾਈ ਮੌਤ ਦੀ ਸਜ਼ਾ ਦੇ ਫੈਸਲੇ ਨੂੰ ਬਰਕਰਾਰ ਰੱਖਿਆ ਸੀ। -ਪੀਟੀਆਈ