ਨਵੀਂ ਦਿੱਲੀ, 10 ਦਸੰਬਰ
ਦਿੱਲੀ ਦੀ ਇਕ ਅਦਾਲਤ ਨੇ ਪਿਛਲੇ ਸਾਲ ਉੱਤਰ-ਪੂਰਬੀ ਦਿੱਲੀ ਵਿਚ ਹੋਏ ਦੰਗਿਆਂ ਦੌਰਾਨ ਕਥਿਤ ਤੌਰ ’ਤੇ ਇਕ ਪੁਲੀਸ ਮੁਲਾਜ਼ਮ ’ਤੇ ਪਿਸਤੌਲ ਤਾਣਨ ਵਾਲੇ ਮੁਲਜ਼ਮ ਸ਼ਾਹਰੁ਼ਖ ਪਠਾਣ ਨੂੰ ਪਨਾਹ ਦੇਣ ਦੇ ਮਾਮਲੇ ਵਿਚ ਇਕ ਵਿਅਕਤੀ ਨੂੰ ਦੋਸ਼ੀ ਠਹਿਰਾਇਆ ਹੈ। ਅਦਾਲਤ ਉਸ ਨੂੰ ਸਜ਼ਾ ਦੇਣ ਦੇ ਮੁੱਦੇ ’ਤੇ 16 ਦਸੰਬਰ ਨੂੰ ਦਲੀਲਾਂ ਸੁਣੇਗੀ।
ਪੁਲੀਸ ਅਨੁਸਾਰ ਪਠਾਣ ਨੇ ਦੰਗਿਆਂ ਦੌਰਾਨ 24 ਫਰਵਰੀ 2020 ਨੂੰ ‘ਹੱਤਿਆ ਦੇ ਇਰਾਦੇ ਨਾਲ’ ਦਿੱਲੀ ਪੁਲੀਸ ਦੇ ਹੌਲਦਾਰ ਦੀਪਕ ਦਾਹੀਆ ’ਤੇ ਬੰਦੂਕ ਤਾਣ ਦਿੱਤੀ ਸੀ। ਇਸ ਘਟਨਾ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਵਾਇਰਲ ਹੋਣ ਤੋਂ ਬਾਅਦ ਪਠਾਣ ਫ਼ਰਾਰ ਹੋ ਗਿਆ ਸੀ ਅਤੇ ਉਸ ਨੂੰ 3 ਮਾਰਚ 2020 ਨੂੰ ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਸ਼ਾਮਲੀ ਦੇ ਬੱਸ ਸਟੈਂਡ ਤੋਂ ਕਾਬੂ ਕੀਤਾ ਗਿਆ ਸੀ। ਇਸ ਵੇਲੇ ਉਹ ਤਿਹਾੜ ਜੇਲ੍ਹ ਵਿਚ ਬੰਦ ਹੈ। ਪੁਲੀਸ ਨੇ ਦਾਅਵਾ ਕੀਤਾ ਕਿ ਪਠਾਨ ਨੇ ਫ਼ਰਾਰ ਹੋਣ ਤੋਂ ਬਾਅਦ ਦੋਸ਼ੀ ਕਲੀਮ ਅਹਿਮਦ ਦੇ ਸ਼ਾਮਲੀ ਸਥਿਤ ਘਰ ਵਿਚ ਆਸਰਾ ਲਿਆ ਸੀ, ਜਿਸ ਦੀ ਪੁਸ਼ਟੀ ਦੋਹਾਂ ਦੇ ਮੋਬਾਈਲ ਫੋਨਾਂ ਦੀ ਲੋਕੇਸ਼ਨ ਤੋਂ ਹੋਈ ਹੈ। ਪੁਲੀਸ ਅਨੁਸਾਰ ਪਠਾਣ 26-27 ਫਰਵਰੀ ਦੀ ਰਾਤ ਤੋਂ ਲੈ ਕੇ 3 ਮਾਰਚ ਦੀ ਰਾਤ ਤੱਕ ਅਹਿਮਦ ਦੇ ਘਰ ’ਚ ਰਿਹਾ ਸੀ। ਅਹਿਮਦ ਨੇ ਦੰਗੇ ਦੇ ਮੁਲਜ਼ਮ ਦੀ ਇਕ ਨਵਾਂ ਮੋਬਾਈਲ ਫੋਨ ਖਰੀਦਣ ਵਿਚ ਵੀ ਮਦਦ ਕੀਤੀ ਸੀ। -ਪੀਟੀਆਈ