ਲਖਨਊ, 31 ਮਈ
ਸ਼ੀਆ ਕੇਂਦਰੀ ਵਕਫ਼ ਬੋਰਡ ਦੇ ਸਾਬਕਾ ਚੇਅਰਮੈਨ ਵਸੀਮ ਰਿਜ਼ਵੀ ਨੇ ‘ਨਵਾਂ ਕੁਰਾਨ’ ਬਣਾ ਕੇ ਵੱਡਾ ਵਿਵਾਦ ਖੜ੍ਹਾ ਕਰ ਦਿੱਤਾ ਹੈ। ਉਨ੍ਹਾਂ ਨੇ ‘ਨਵੇਂ ਕੁਰਾਨ’ ਵਿੱਚੋਂ 26 ਅਜਿਹੀਆਂ ਆਇਤਾਂ ਨੂੰ ਹਟਾਉਣ ਦਾ ਦਾਅਵਾ ਕੀਤਾ ਹੈ, ਜੋ ਕਥਿਤ ਤੌਰ ’ਤੇ ਹਿੰਸਾ ਨੂੰ ਉਤਸ਼ਾਹਿਤ ਕਰਦੀਆਂ ਹਨ। ਰਿਜ਼ਵੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਅਪੀਲ ਕੀਤੀ ਕਿ ਇਸ ‘ਸੋਧੇ ਹੋਏ ਕੁਰਾਨ’ ਨੂੰ ਦੇਸ਼ ਦੇ ਸਾਰੇ ਮਦਰੱਸਿਆਂ ਅਤੇ ਮੁਸਲਿਮ ਸੰਸਥਾਵਾਂ ਵਿੱਚ ਲਾਗੂ ਕੀਤਾ ਜਾਵੇ। ਰਿਜ਼ਵੀ ਨੇ ਇਨ੍ਹਾਂ 26 ਆਇਤਾਂ ਨੂੰ ਕੁਰਾਨ ਵਿੱਚੋਂ ਹਟਾਉਣ ਲਈ ਇਸ ਸਾਲ ਦੀ ਸ਼ੁਰੂਆਤ ਵਿੱਚ ਸੁਪਰੀਮ ਕੋਰਟ ’ਚ ਪਟੀਸ਼ਨ ਪਾਉਂਦਿਆਂ ਕਿਹਾ ਸੀ ਕਿ ਇਹ ਅਤਿਵਾਦ ਅਤੇ ਜਹਾਦ ਨੂੰ ਉਤਸ਼ਾਹਿਤ ਕਰਦੀਆਂ ਹਨ।
ਰਿਜ਼ਵੀ ਨੇ ਪਟੀਸ਼ਨ ਵਿੱਚ ਕਿਹਾ ਸੀ ਕਿ ਇਸਲਾਮੀ ਅਤਿਵਾਦੀ ਜਥੇਬੰਦੀਆਂ ਗ਼ੈਰ-ਮੁਸਲਿਮਾਂ ਅਤੇ ਨਾਗਰਿਕਾਂ ’ਤੇ ਕੀਤੇ ਹਮਲਿਆਂ ਨੂੰ ਜਾਇਜ਼ ਠਹਿਰਾਉਣ ਲਈ ਇਨ੍ਹਾਂ ਆਇਤਾਂ ਦੀ ਕਥਿਤ ਵਰਤੋਂ ਕਰਦੀਆਂ ਹਨ। ਹਾਲਾਂਕਿ ਸਿਖਰਲੀ ਅਦਾਲਤ ਨੇ ਪਟੀਸ਼ਨ ਨੂੰ ‘ਪੂਰੀ ਤਰ੍ਹਾਂ ਆਧਾਰਹੀਣ’ ਕਹਿੰਦਿਆਂ ਰੱਦ ਕਰ ਦਿੱਤਾ ਸੀ ਅਤੇ ਵਸੀਮ ਨੂੰ 50 ਹਜ਼ਾਰ ਰੁਪਏ ਜੁਰਮਾਨਾ ਵੀ ਕੀਤਾ ਸੀ। -ਆਈਏਐੱਨਐੱਸ