ਬੰਗਲੂਰੂ/ਨਵੀਂ ਦਿੱਲੀ: ਕਰਨਾਟਕ ਸਰਕਾਰ ਵੱਲੋਂ ਸੁਤੰਤਰਤਾ ਸੈਨਾਨੀਆਂ ਬਾਰੇ ਦਿੱਤੇ ਅਖ਼ਬਾਰੀ ਇਸ਼ਤਿਹਾਰ ’ਚ ਸਾਬਕਾ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੂੰ ਸ਼ਾਮਲ ਨਾ ਕੀਤੇ ਜਾਣ ’ਤੇ ਕਾਂਗਰਸ ਨੇ ਅੱਜ ਸਵਾਲ ਖੜ੍ਹੇ ਕੀਤੇ। ਉਨ੍ਹਾਂ ਸੱਤਾਧਾਰੀ ਭਾਜਪਾ ਦੇ ਕਦਮ ਨੂੰ ਨਿਰਾਸ਼ਾਜਨਕ ਕਰਾਰ ਦਿੱਤਾ। ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਸਿੱਧਾਰਮਈਆ ਨੇ ਵਰਤਮਾਨ ਮੁੱਖ ਮੰਤਰੀ ਬਾਸਵਰਾਜ ਬੋਮਈ ’ਤੇ ਨਿਸ਼ਾਨਾ ਸੇਧਦਿਆਂ ਉਨ੍ਹਾਂ ਨੂੰ ‘ਆਰਐੱਸਐੱਸ’ ਦਾ ਗ਼ੁਲਾਮ ਕਰਾਰ ਦਿੱਤਾ। ਕਾਂਗਰਸ ਦੇ ਜਨਰਲ ਸਕੱਤਰ ਤੇ ਸੂਬਾ ਇੰਚਾਰਜ ਰਣਦੀਪ ਸੁਰਜੇਵਾਲਾ ਨੇ ਕਿਹਾ ਕਿ ਪਹਿਲੇ ਪ੍ਰਧਾਨ ਮੰਤਰੀ ਨਹਿਰੂ ਪ੍ਰਤੀ ਭਾਜਪਾ ਦੀ ਨਫ਼ਰਤ ਆਪਣੇ ਸਿਖ਼ਰ ਉਤੇ ਪਹੁੰਚ ਗਈ ਹੈ। ਕਾਂਗਰਸ ਆਗੂ ਜੈਰਾਮ ਰਮੇਸ਼ ਨੇ ਕਿਹਾ ਕਿ ਕਰਨਾਟਕ ਦੇ ਮੁੱਖ ਮੰਤਰੀ ਸਿਰਫ਼ ਆਪਣੀ ਕੁਰਸੀ ਬਚਾ ਰਹੇ ਹਨ। ਜਦਕਿ ਉਨ੍ਹਾਂ ਦੇ ਪਿਤਾ ਐੱਸਆਰ ਬੋਮਈ ਨਹਿਰੂ ਦੇ ਵੱਡੇ ਪ੍ਰਸ਼ੰਸਕ ਰਹੇ ਹਨ। ਸਿੱਧਾਰਮਈਆ ਨੇ ਨਾਲ ਹੀ ਕਿਹਾ ਕਿ ਸਾਵਰਕਰ ਦੀ ਤਸਵੀਰ ਪਹਿਲੀ ਕਤਾਰ ਵਿਚ ਤੇ ਬੀਆਰ ਅੰਬੇਡਕਰ ਦੀ ਆਖ਼ਰ ਵਿਚ ਲਾਈ ਗਈ ਹੈ। ਦੂਜੇ ਪਾਸੇ ਭਾਜਪਾ ਨੇ ਕਿਹਾ ਹੈ ਕਿ ਉਨ੍ਹਾਂ ਨਹਿਰੂ ਦੀ ਤਸਵੀਰ ਜਾਣਬੁੱਝ ਕੇ ਨਹੀਂ ਲਾਈ। ਭਾਜਪਾ ਦੇ ਜਨਰਲ ਸਕੱਤਰ ਐੱਨ. ਰਵੀ ਕੁਮਾਰ ਨੇ ਦੋਸ਼ ਲਾਇਆ ਕਿ ਨਹਿਰੂ ਨੇ ਮਹਾਤਮਾ ਗਾਂਧੀ ਦੀ ਗੱਲ ਨਹੀਂ ਮੰਨੀ ਤੇ ਆਜ਼ਾਦੀ ਮਗਰੋਂ ਕਾਂਗਰਸ ਭੰਗ ਨਹੀਂ ਕੀਤੀ। ਉਨ੍ਹਾਂ ਵੰਡ ਲਈ ਵੀ ਨਹਿਰੂ ਨੂੰ ਜ਼ਿੰਮੇਵਾਰ ਠਹਿਰਾਇਆ। -ਪੀਟੀਆਈ