ਨਵੀਂ ਦਿੱਲੀ, 20 ਜੂਨ
ਮੁੱਖ ਅੰਸ਼
- ਪ੍ਰਧਾਨ ਮੰਤਰੀ ਦੀ ਤੁਲਨਾ ਹਿਟਲਰ ਨਾਲ ਕੀਤੀ
- ਪਾਰਟੀ ਵੱਲੋਂ ਆਗੂ ਦੇ ਬਿਆਨਾਂ ਦੀ ਹਮਾਇਤ ਤੋਂ ਨਾਂਹ
ਕਾਂਗਰਸ ਦੇ ਸੀਨੀਅਰ ਆਗੂ ਸੁਬੋਧ ਕਾਂਤ ਸਹਾਏ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਤੇ ਵਿਵਾਦਤ ਟਿੱਪਣੀ ਕਰਦਿਆਂ ਕਿਹਾ ਕਿ ‘ਜੇ ਉਹ ਹਿਟਲਰ ਦੀ ਰਾਹ ਚੱਲਣਗੇ ਤਾਂ ਹਿਟਲਰ ਦੀ ਮੌਤ ਮਰਨਗੇ।’
ਕਾਂਗਰਸ ਨੇ ਉਨ੍ਹਾਂ ਦੇ ਬਿਆਨ ਤੋਂ ਕਿਨਾਰਾ ਕਰਦਿਆਂ ਕਿਹਾ ਕਿ ਉਹ ਮੋਦੀ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਖ਼ਿਲਾਫ਼ ਲੜਦੀ ਰਹੇਗੀ, ਪਰ ਪ੍ਰਧਾਨ ਮੰਤਰੀ ਉਤੇ ਕਿਸੇ ਵੀ ਅਜਿਹੀ ਟਿੱਪਣੀ ਨਾਲ ਸਹਿਮਤ ਨਹੀਂ ਹੈ। ਸਹਾਏ ਨੇ ਸੈਨਾ ਵਿਚ ਭਰਤੀ ਦੀ ‘ਅਗਨੀਪਥ’ ਯੋਜਨਾ ਤੇ ਰਾਹੁਲ ਗਾਂਧੀ ਤੋਂ ਈਡੀ ਦੀ ਪੁੱਛਗਿੱਛ ਖ਼ਿਲਾਫ਼ ਪਾਰਟੀ ਵੱਲੋਂ ਕੀਤੇ ਜਾ ਰਹੇ ‘ਸਤਿਆਗ੍ਰਹਿ’ ਦੌਰਾਨ ਇਹ ਵਿਵਾਦਤ ਟਿੱਪਣੀ ਕੀਤੀ। ਸਾਬਕਾ ਕੇਂਦਰੀ ਮੰਤਰੀ ਸਹਾਏ ਨੇ ਦੋਸ਼ ਲਾਇਆ, ‘ਇਹ ਲੁਟੇਰਿਆਂ ਦੀ ਸਰਕਾਰ ਹੈ। ਮੋਦੀ ਮਦਾਰੀ ਦੇ ਰੂਪ ਵਿਚ ਇਸ ਦੇਸ਼ ’ਚ ਤਾਨਾਸ਼ਾਹ ਦੇ ਰੂਪ ’ਚ ਆ ਗਏ ਹਨ। ਮੈਨੂੰ ਤਾਂ ਲੱਗਦਾ ਹੈ ਕਿ ਉਹ ਤਾਂ ਹਿਟਲਰ ਤੋਂ ਵੀ ਅੱਗੇ ਚਲੇ ਗਏ ਨੇ…ਮੋਦੀ ਹਿਟਲਰ ਦੀ ਰਾਹ ਚੱਲੇਗਾ ਤਾਂ ਹਿਟਲਰ ਦੀ ਮੌਤ ਮਰੇਗਾ। ਮੋਦੀ ਇਹ ਯਾਦ ਰੱਖੇ।’ ਉਨ੍ਹਾਂ ਦੀ ਇਸ ਟਿੱਪਣੀ ’ਤੇ ਵਿਵਾਦ ਖੜ੍ਹਾ ਹੋਣ ਤੋਂ ਬਾਅਦ ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਟਵੀਟ ਕਰ ਕੇ ਕਿਹਾ ਕਿ ਪ੍ਰਧਾਨ ਮੰਤਰੀ ਪ੍ਰਤੀ ਮਰਿਆਦਾ ਤੋਂ ਬਾਹਰ ਕਿਸੇ ਵੀ ਟਿੱਪਣੀ ਨਾਲ ਪਾਰਟੀ ਸਹਿਮਤ ਨਹੀਂ ਹੈ। -ਪੀਟੀਆਈ