ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 2 ਦਸੰਬਰ
ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀਬੀਐੱਸਈ) ਵੱਲੋਂ ਬੋਰਡ ਦੀ ਬਾਰ੍ਹਵੀਂ ਜਮਾਤੀ ਦੀ ਸੋਸ਼ਿਓਲੋਜੀ ਦੀ ਪ੍ਰੀਖਿਆ ਵਿੱਚ ਗੁਜਰਾਤ ਦੰਗਿਆਂ ਬਾਰੇ ਸਵਾਲ ’ਤੇ ਵਿਵਾਦ ਖੜ੍ਹਾ ਹੋ ਗਿਆ, ਜਿਸ ਕਾਰਨ ਸੀਬੀਐੱਸਈ ਵੱਲੋਂ ਟਵਿੱਟਰ ’ਤੇ ਸਵਾਲ ਨੂੰ ਅਢੁਕਵਾਂ ਦੱਸਦਿਆਂ ਅਜਿਹਾ ਸਵਾਲ ਪਾਉਣ ਵਾਲੇ ਖ਼ਿਲਾਫ਼ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਹੈ।
ਜਾਣਕਾਰੀ ਅਨੁਸਾਰ ਪਹਿਲੀ ਦਸੰਬਰ ਨੂੰ ਬਾਰ੍ਹਵੀਂ ਜਮਾਤ ਦੀ ਸੋਸ਼ਿਓਲੋਜੀ ਦੀ ਪ੍ਰੀਖਿਆ ਸੀ, ਜਿਸ ਵਿੱਚ ਸਵਾਲ ਆਇਆ ਕਿ ਕਿਸ ਸਰਕਾਰ ਵੇਲੇ ਗੁਜਰਾਤ ਵਿੱਚ 2002 ਦੌਰਾਨ ਮੁਸਲਿਮ ਵਿਰੋਧੀ ਦੰਗੇ ਹੋਏ ਸਨ? ਇਹ ਸਵਾਲ ਪ੍ਰਸ਼ਨ ਪੱਤਰ 23 ਵਿੱਚ ਪਾਇਆ ਗਿਆ ਤੇ ਇਸ ਸਬੰਧੀ ਚਾਰ ਵਿਕਲਪ ਦਿੱਤੇ ਗਏ-ਭਾਜਪਾ, ਕਾਂਗਰਸ, ਡੈਮੋਕਰੈਟਿਕ ਤੇ ਰਿਪਬਲਿਕਨ। ਟਵਿੱਟਰ ’ਤੇ ਕੁਝ ਲੋਕਾਂ ਨੇ ਅਜਿਹੇ ਸਵਾਲ ਪਾਉਣ ’ਤੇ ਬੋਰਡ ਦੀ ਨਿਖੇਧੀ ਕੀਤੀ ਹੈ। ਕੁਝ ਲੋਕਾਂ ਨੇ ਕਿਹਾ ਕਿ ਸੀਬੀਐੱਸਈ ਦੀਆਂ ਗਾਈਡਲਾਈਨਜ਼ ਅਨੁਸਾਰ ਹਰ ਸਵਾਲ ਜਮਾਤ ਦੇ ਸਿਲੇਬਸ ਅਨੁਸਾਰ ਆਉਣਾ ਚਾਹੀਦਾ ਹੈ ਅਤੇ ਕੋਈ ਵੀ ਅਜਿਹਾ ਸਵਾਲ ਨਹੀਂ ਪਾਉਣਾ ਚਾਹੀਦਾ, ਜਿਸ ਨਾਲ ਲੋਕਾਂ ਦੀਆਂ ਭਾਵਨਾਵਾਂ ਨੂੰ ਸੱਟ ਵੱਜੇ। ਇਕ ਹੋਰ ਨੇ ਟਵੀਟ ਕਰਦਿਆਂ ਕਿਹਾ ਕਿ ਪ੍ਰੀਖਿਆ ਵਿੱਚ ਅਜਿਹੇ ਸਵਾਲ ਪਾਉਣ ਨਾਲ ਵਿਦਿਆਰਥੀਆਂ ਦਾ ਵਤੀਰਾ ਕਿਸੇ ਵਿਸ਼ੇਸ਼ ਪਾਰਟੀ ਪ੍ਰਤੀ ਵੱਖਰਾ ਹੋ ਸਕਦਾ ਹੈ, ਜਿਸ ਦੇ ਸਿੱਟੇ ਵਜੋਂ ਉਹ ਉਸ ਪਾਰਟੀ ਪ੍ਰਤੀ ਭੇੇਦਭਾਵ ਦਾ ਵਤੀਰਾ ਰੱਖ ਸਕਦੇ ਹਨ। ਇਕ ਹੋਰ ਨੇ ਕਿਹਾ ਕਿ ਅਜਿਹੇ ਸਵਾਲ ਵਿਦਿਆਰਥੀਆਂ ਨੂੰ ਪਾਉਣੇ ਜ਼ਰੂਰੀ ਹਨ ਕਿਉਂਕਿ ਤਾਂ ਹੀ ਪਤਾ ਲੱਗੇਗਾ ਕਿ ਕਿਸ ਨੇ ਕਿਹੜੇ ਜ਼ੁਲਮ ਕੀਤੇ ਹਨ। ਇਸ ਤੋਂ ਬਾਅਦ ਸੀਬੀਐੱਸਈ ਨੇ ਟਵੀਟ ਕਰ ਕੇ ਕਿਹਾ ਕਿ ਬਾਰ੍ਹਵੀਂ ਜਮਾਤ ਦੇ ਸੋਸ਼ਿਓਲੋਜੀ ਦੇ ਪੇਪਰ ਵਿੱਚ ਅਢੁਕਵਾਂ ਸਵਾਲ ਪਾਇਆ ਗਿਆ, ਪਰ ਬੋਰਡ ਅਜਿਹੇ ਸਵਾਲ ਲਈ ਅਫਸੋਸ ਜ਼ਾਹਰ ਕਰਦਾ ਹੈ ਤੇ ਉਸ ਵਿਅਕਤੀ ਖ਼ਿਲਾਫ਼ ਵੀ ਕਾਰਵਾਈ ਕੀਤੀ ਜਾਵੇਗੀ, ਜਿਸ ਨੇ ਅਜਿਹਾ ਸਵਾਲ ਤਿਆਰ ਕੀਤਾ ਹੈ। ਬੋਰਡ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਪੇਪਰ ਤਿਆਰ ਕਰਨ ਵਾਲੇ ਨੇ ਇਹ ਯਕੀਨੀ ਬਣਾਉਣਾ ਹੁੰਦਾ ਹੈ ਕਿ ਪ੍ਰੀਖਿਆ ਪੱਤਰ ਦੇ ਸਵਾਲ ਅਕਾਦਮਿਕ ਪੱਧਰ ਦੇ ਹੋਣ ਤੇੇ ਇਹ ਕਿਸੇ ਵਿਸ਼ੇਸ਼ ਵਰਗ, ਧਰਮ ਜਾਂ ਜਾਤ ਨੂੰ ਠੇਸ ਪਹੁੰਚਾਉਣ ਵਾਲੇ ਨਾ ਹੋਣ। ਇਕ ਹੋਰ ਟਵੀਟ ਵਿੱਚ ਕਿਹਾ ਗਿਆ ਹੈ ਕਿ ਅਜਿਹੇ ਸਵਾਲ ਆਉਣੇ ਜ਼ਰੂਰੀ ਹਨ ਤੇ ਵਿਦਿਆਰਥੀਆਂ ਦਾ ਨਜ਼ਰੀਆ ਵਿਸ਼ਾਲ ਹੁੰਦਾ ਹੈ, ਇਸ ਸਬੰਧੀ ਸੀਬੀਐੱਸਈ ਨੂੰ ਮੁਆਫੀ ਨਹੀਂ ਮੰਗਣੀ ਚਾਹੀਦੀ ਸੀ।
ਦਿ ਨੈਸ਼ਨਲ ਸਟੇਟ ਐਂਡ ਰਿਲੀਜਨ ਰਿਲੇਟਿਡ ਇਸ਼ੂ ਐਂਡ ਆਇਡੈਂਟਿਟੀ ਵਿੱਚੋਂ ਆਇਆ ਸਵਾਲ
ਅਧਿਆਪਕਾਂ ਨੇ ਸਪਸ਼ਟ ਕੀਤਾ ਹੈ ਕਿ ਇਹ ਸਵਾਲ ਦਿ ਨੈਸ਼ਨਲ ਸਟੇਟ ਐਂਡ ਰਿਲੀਜਨ ਰਿਲੇਟਿਡ ਇਸ਼ੂ ਐਂਡ ਆਇਡੈਂਟਟੀ ਵਿਸ਼ੇ ਦੇ ਪੇਜ 134 ਵਿੱਚੋਂ ਆਇਆ ਸੀ। ਇਸ ਵਿੱਚ ਦੱਸਿਆ ਗਿਆ ਹੈ ਕਿ ਘੱਟ ਗਿਣਤੀ ਵਰਗ ਨੂੰ ਸਮੇਂ ਸਮੇਂ ’ਤੇ ਕਈ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ ਤੇ ਇਸ ਵਿਸ਼ੇ ਵਿੱਚ ਅਜਿਹੇ ਸਵਾਲ ਆਉਣੇ ਗ਼ਲਤ ਨਹੀਂ ਹਨ।