ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 7 ਅਕਤੂਬਰ
ਦਿੱਲੀ ਦੇ ਸਮਾਜ ਕਲਿਆਣ ਮੰਤਰੀ ਰਾਜਿੰਦਰ ਪਾਲ ਗੌਤਮ ਵੱਲੋਂ ਬੁੱਧ ਧਰਮ ਨਾਲ ਜੁੜੇ ਇੱਕ ਸਮਾਗਮ ਵਿੱਚ ਸ਼ਾਮਲ ਹੋਣ ਨੂੰ ਲੈ ਕੇ ਭਾਜਪਾ ਨੇ ਵਿਵਾਦ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਭਾਜਪਾ ਨੇ ‘ਆਪ’ ਸਰਕਾਰ ਦੇ ਇਸ ਮੰਤਰੀ ਤੋਂ ਹਿੰਦੂ ਸਮਾਜ ਤੋਂ ਮੁਆਫ਼ੀ ਮੰਗਣ ਦੀ ਮੰਗ ਕੀਤੀ ਹੈ। ਇਸ ਸਬੰਧ ’ਚ ਭਾਜਪਾ ਪ੍ਰਧਾਨ ਆਦੇਸ਼ ਗੁਪਤਾ ਨੇ ਸੰਸਦ ਮਾਰਗ ਥਾਣੇ ਵਿੱਚ ਡੀਸੀਪੀ ਨਵੀਂ ਦਿੱਲੀ ਨੂੰ ਸ਼ਿਕਾਇਤ ਦਰਜ ਕਰਵਾਈ ਹੈ। ਸ੍ਰੀ ਗੌਤਮ ਦਸਹਿਰੇ ਵਾਲੇ ਦਿਨ ਦਿੱਲੀ ਦੇ ਕਰੋਲ ਬਾਗ਼ ਵਿੱਚ ਬੁੱਧ ਧਰਮ ਦੇ ਸਮਾਗਮ ਵਿੱਚ ਸ਼ਾਮਲ ਹੋਏ ਸਨ ਜਿੱਥੇ ‘‘ਬੁੱਧ ਧਰਮ ਦੀ ਦੀਕਸ਼ਾ’’ ਦਿੱਤੀ ਗਈ। ਜਾਣਕਾਰੀ ਮੁਤਾਬਕ ਰਾਣੀ ਝਾਂਸੀ ਰੋਡ ’ਤੇ ਅੰਬੇਡਕਰ ਭਵਨ ਵਿੱਚ ਰਾਜਿੰਦਰ ਪਾਲ ਗੌਤਮ ਦੀ ਹਾਜ਼ਰੀ ਵਿੱਚ ਲੋਕਾਂ ਵੱਲੋਂ ਇਸ ਗੱਲ ਦੀ ਸਹੁੰ ਚੁੱਕੀ ਗਈ ਕਿ ਉਹ ਹਿੰਦੂ ਦੇਵੀ-ਦੇਵਤਿਆਂ ਦੀ ਪੂਜਾ ਨਹੀਂ ਕਰਨਗੇ ਤੇ ਨਾ ਹੀ ਉਨ੍ਹਾਂ ਨੂੰ ਈਸ਼ਵਰ ਮੰਨਣਗੇ। ਭਾਜਪਾ ਆਗੂ ਰਾਮਬੀਰ ਸਿੰਘ ਬਿਧੂੜੀ ਨੇ ਮੰਗ ਕੀਤੀ ਕਿ ਸ੍ਰੀ ਕੇਜਰੀਵਾਲ ਹਿੰਦੂਆਂ ਤੋਂ ਮੁਆਫ਼ੀ ਮੰਗਣ। ਭਾਜਪਾ ਦੇ ਸਾਬਕਾ ਮੇਅਰ ਯੋਗਿੰਦਰ ਚੰਦੋਲੀਆ ਨੇ ਕਿਹਾ ਕਿ ਇਹ ਹਿੰਦੂ ਧਰਮ ਦਾ ਅਪਮਾਨ ਹੈ, ਕੋਈ ਵੀ ਆਪਣੀ ਇੱਛਾ ਨਾਲ ਕਿਸੇ ਧਰਮ ਨੂੰ ਅਪਣਾ ਸਕਦਾ ਹੈ ਪਰ ਦੇਵੀ-ਦੇਵਤਿਆਂ ਦੇ ਅਪਮਾਨ ਦਾ ਹੱਕ ਕਿਸੇ ਨੂੰ ਨਹੀਂ ਹੈ। ਦਿੱਲੀ ਪ੍ਰਦੇਸ਼ ਭਾਜਪਾ ਪ੍ਰਧਾਨ ਆਦੇਸ਼ ਗੁਪਤਾ ਨੇ ਕਿਹਾ ਕਿ ਕੇਜਰੀਵਾਲ ਸਰਕਾਰ ਤੁਸ਼ਟੀਕਰਨ ਦੀ ਰਾਜਨੀਤੀ ਕਰਦੀ ਆ ਰਹੀ ਹੈ। ਮਨੋਜ ਤਿਵਾੜੀ ਨੇ ਕਿਹਾ ਕਿ ਭਾਰਤ ਨੂੰ ਕੇਜਰੀਵਾਲ ਵਰਗੀ ਮਾਨਸਿਕਤਾ ਤੋਂ ਬਚਾਉਣ ਦੀ ਲੋੜ ਹੈ।
ਭਾਜਪਾ ਦੇਸ਼ ਵਿਰੋਧੀ ਪਾਰਟੀ: ਗੌਤਮ
ਮੰਤਰੀ ਰਾਜਿੰਦਰ ਪਾਲ ਗੌਤਮ ਨੇ ਭਾਜਪਾ ਨੂੰ ਦੇਸ਼ ਵਿਰੋਧੀ ਕਰਾਰ ਦਿੱਤਾ ਅਤੇ ਕਿਹਾ ਕਿ ਉਹ ਬੁੱਧ ਧਰਮ ਵਿੱਚ ਵਿਸ਼ਵਾਸ ਰੱਖਦੇ ਹਨ ਇਸ ਤੋਂ ਕਿਸੇ ਨੂੰ ਕੀ ਪ੍ਰੇਸ਼ਾਨੀ ਹੈ। ਗੌਤਮ ਨੇ ਕਿਹਾ, ‘ਉਨ੍ਹਾਂ (ਭਾਜਪਾ) ਨੂੰ ਸ਼ਿਕਾਇਤ ਕਰਨ ਦਿਓ। ਸੰਵਿਧਾਨ ਸਾਨੂੰ ਕਿਸੇ ਵੀ ਧਰਮ ਨੂੰ ਮੰਨਣ ਦੀ ਆਜ਼ਾਦੀ ਦਿੰਦਾ ਹੈ।’’