ਲਖ਼ਨਊ, 20 ਸਤੰਬਰ
ਯੂਪੀ ਵਿਧਾਨ ਸਭਾ ਦੇ ਸਪੀਕਰ ਰਿਦੈ ਨਾਰਾਇਣ ਦੀਕਸ਼ਿਤ ਨੇ ਅੱਜ ਇਹ ਕਹਿੰਦਿਆਂ ਵਿਵਾਦ ਖੜ੍ਹਾ ਕਰ ਦਿੱਤਾ ਕਿ ਜੇ ਕੋਈ ਬਹੁਤ ਘੱਟ ਕੱਪੜੇ ਪਾ ਕੇ ਮਹਾਨ ਬਣ ਸਕਦਾ ਹੁੰਦਾ ਤਾਂ ਬੌਲੀਵੁੱਡ ਅਭਿਨੇਤਰੀ ਰਾਖੀ ਸਾਵੰਤ ਮਹਾਤਮਾ ਗਾਂਧੀ ਤੋਂ ਵੀ ਵੱਡੀ ਸ਼ਖ਼ਸੀਅਤ ਹੁੰਦੀ। ‘ਪ੍ਰਬੁੱਧ ਵਰਗ ਸੰਮੇਲਨ’ ਵਿਚ ਇਹ ਟਿੱਪਣੀ ਕਰਦਿਆਂ ਉਨਾਓ ਜ਼ਿਲ੍ਹੇ ਵਿਚ ਸਪੀਕਰ ਨੇ ਕਿਹਾ ਕਿ ‘ਸਾਡੇ ਖਿਆਲ ਨਾਲ, ਕਿਸੇ ਵੀ ਵਿਸ਼ੇ ਉਤੇ ਕੋਈ ਵੀ ਕਿਤਾਬ ਲਿਖ ਕੇ ਬੁੱਧੀਜੀਵੀ ਨਹੀਂ ਬਣ ਜਾਂਦਾ। ਜੇ ਇਹੀ ਗੱਲ ਹੁੰਦੀ ਤਾਂ, ਕਈ ਸਾਲਾਂ ਵਿਚ ਮੈਂ ਤਾਂ ਛੇ ਹਜ਼ਾਰ ਕਿਤਾਬਾਂ ਪੜ੍ਹ ਚੁੱਕਾ ਹਾਂ।’ ਦੀਕਸ਼ਿਤ ਨੇ ਕਿਹਾ ‘ਗਾਂਧੀਜੀ ਵੀ ਘੱਟ ਕੱਪੜੇ ਪਾਉਂਦੇ ਸਨ। ਉਹ ਸਿਰਫ਼ ਧੋਤੀ ਪਾਉਂਦੇ ਸਨ। ਦੇਸ਼ ਉਨ੍ਹਾਂ ਨੂੰ ਬਾਪੂ ਕਹਿੰਦਾ ਹੈ। ਜੇ ਕੋਈ ਕੱਪੜੇ ਲਾਹ ਕੇ ਹੀ ਮਹਾਨ ਬਣ ਜਾਵੇ ਤਾਂ ਰਾਖੀ ਸਾਵੰਤ ਤਾਂ ਫੇਰ ਮਹਾਤਮਾ ਗਾਂਧੀ ਤੋਂ ਵੀ ਮਹਾਨ ਹੁੰਦੀ।’ -ਆਈਏਐਨਐੱਸ