ਨਵੀਂ ਦਿੱਲੀ, 20 ਜੂਨ
ਕਾਂਗਰਸ ਦੇ ਸੀਨੀਅਰ ਨੇਤਾ ਸਬੋਧਕਾਂਤ ਸਹਾਏ ਅੱਜ ਪ੍ਰਧਾਨ ਮੰਤਰੀ ਨਰਿੰਦਰ ਖ਼ਿਲਾਫ਼ ਵਿਵਾਦਤ ਟਿੱਪਣੀ ਕਰਕੇ ਵਿਵਾਦ ਛੇੜ ਦਿੱਤਾ ਹੈ। ਸਹਾਏ ਨੇ ਕਿਹਾ ਕਿ ਟਿੱਪਣੀ ਕਰਦਿਆਂ ਕਿਹਾ, ‘‘ਜੇਕਰ ਪ੍ਰਧਾਨ ਮੰਤਰੀ ਮੋਦੀ ਹਿਟਲਰ ਦੀ ਨਕਸ਼ੇ ਕਦਮਾਂ ’ਤੇ ਚੱਲਣਗੇ ਤਾਂ ਹਿਟਲਰ ਦੀ ਮੌਤ ਮਰਨਗੇ।’’ ਹਾਲਾਂਕਿ ਕਾਂਗਰਸ ਨੇ ਸੁਬੋਧਕਾਂਤ ਸਹਾਏ ਦੀ ਟਿੱਪਣੀ ਤੋਂ ਕਿਨਾਰਾ ਕਰਦਿਆਂ ਕਿ ਉਹ ਮੋਦੀ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਖ਼ਿਲਾਫ਼ ਲੜਦੀ ਰਹੇਗੀ ਪਰ ਪ੍ਰਧਾਨ ਮੰਤਰੀ ਖ਼ਿਲਾਫ਼ ਟਿੱਪਣੀ ਨਾਲ ਸਹਿਮਤ ਨਹੀਂ ਹੈ। ਸਹਾਏ ਨੇ ਫੌਜ ਵਿੱਚ ਭਰਤੀ ਸਬੰਧੀ ‘ਅਗਨੀਪਥ ਯੋਜਨਾ’ ਅਤੇ ਰਾਹੁਲ ਗਾਂਧੀ ਤੋਂ ਈਡੀ ਵੱਲੋਂ ਪੁੱਛ ਪੜਤਾਲ ਖ਼ਿਲਾਫ਼ ਜੰਤਰ ਮੰਤਰ ’ਤੇ ਕਾਂਗਰਸ ਦੇ ‘ਸੱਤਿਆਗ੍ਰਹਿ’ ਅੰਦੋਲਨ ਦੌਰਾਨ ਇਹ ਟਿੱਪਣੀ ਕੀਤੀ। ਸਾਬਕਾ ਕੇਂਦਰੀ ਮੰਤਰੀ ਨੇ ਕਿਹਾ, ‘‘ਸਿਰਫ ਰਾਹੁਲ ਗਾਂਧੀ ਹੀ ਮੋਦੀ ਦੀ ਅੱਖ ਵਿੱਚ ਅੱਖ ਪਾ ਕੇ ਗੱਲ ਕਰ ਸਕਦੇ ਹਨ। ਮੋਦੀ ਉਨ੍ਹਾਂ ਨੂੰ ਡਰਾਉਣਾ ਚਾਹੁੰਦੇ ਹਨ।’’ ਉਨ੍ਹਾਂ ਨੇ ਮੋਦੀ ਨੂੰ ਤਾਨਾਸ਼ਾਹ ਵੀ ਕਰਾਰ ਦਿੱਤਾ। ਦੂਜੇ ਪਾਸੇ ਕਾਂਗਰਸ ਨੇ ਕਿਹਾ ਕਿ ਉਸ ਦਾ ਸੰਘਰਸ਼ ਗਾਂਧੀਵਾਦੀ ਸਿਧਾਂਤਾਂ ਤੇ ਤਰੀਕਿਆਂ ਨਾਲ ਹੀ ਜਾਰੀ ਰਹੇਗਾ। -ਪੀਟੀਆਈ