ਨਵੀਂ ਦਿੱਲੀ, 3 ਜੂਨ
ਮੁੱਖ ਅੰਸ਼
- ਦਿੱਲੀ ਪੁਲੀਸ ਵਲੋਂ ਅਦਾਲਤ ਵਿੱਚ ਚਾਰਜਸ਼ੀਟ ਦਾਇਰ; ਤਾਹਿਰ ਹੁਸੈਨ ਦੀ ਅਗਵਾਈ ਵਾਲੀ ਭੀੜ ’ਤੇ ਅੰਕਿਤ ਸ਼ਰਮਾ ਨੂੰ ਵਿਸ਼ੇਸ਼ ਤੌਰ ’ਤੇ ਨਿਸ਼ਾਨਾ ਬਣਾਊਣ ਦੇ ਦੋਸ਼
ਦਿੱਲੀ ਅਦਾਲਤ ਵਿੱਚ ਅੱਜ ਪੁਲੀਸ ਵਲੋਂ ਦਾਇਰ ਕੀਤੀ ਚਾਰਜਸ਼ੀਟ ਵਿੱਚ ਦੱਸਿਆ ਗਿਆ ਹੈ ਕਿ ਊੱਤਰ-ਪੂਰਬੀ ਦਿੱਲੀ ਵਿੱਚ ਹੋਏ ਦੰਗਿਆਂ ਅਤੇ ਖ਼ੁਫ਼ੀਆ ਏਜੰਸੀ ਦੇ ਅਧਿਕਾਰੀ ਅੰਕਿਤ ਸ਼ਰਮਾ ਦੀ ‘ਹੱਤਿਆ’ ਪਿੱਛੇ ਡੂੰਘੀ ਸਾਜ਼ਿਸ਼ ਸੀ ਕਿਉਂਕਿ ਊਸ ਨੂੰ ‘ਆਪ’ ਦੇ ਮੁਅੱਤਲ ਕੌਂਸਲਰ ਤਾਹਿਰ ਹੁਸੈਨ ਦੀ ਅਗਵਾਈ ਵਾਲੀ ਭੀੜ ਨੇ ‘ਵਿਸ਼ੇਸ਼ ਤੌਰ ’ਤੇ ਨਿਸ਼ਾਨਾ’ ਬਣਾਇਆ।
ਦਿੱਲੀ ਪੁਲੀਸ ਦੀ ਅਪਰਾਧ ਸ਼ਾਖ਼ਾ ਵਲੋਂ ਅੱਜ ਮੈਟਰੋਪਾਲਿਟਨ ਮੈਜਿਸਟ੍ਰੇਟ ਰਿਚਾ ਪਰਿਹਾਰ ਅੱਗੇ ਚਾਰਜਸ਼ੀਟ ਦਾਇਰ ਕੀਤੀ ਗਈ, ਜਿਨ੍ਹਾਂ ਨੇ ਮਾਮਲੇ ’ਤੇ ਸੁਣਵਾਈ 16 ਜੂਨ ਲਈ ਨਿਰਧਾਰਿਤ ਕਰ ਦਿੱਤੀ। ਪੁਲੀਸ ਨੇ ਦੱਸਿਆ ਕਿ ਸ਼ਰਮਾ ਦੀ ਹੱਤਿਆ ਕਰਨ ਤੋਂ ਬਾਅਦ ਭੀੜ ਨੇ ਊਸ ਦੀ ਦੇਹ ਨੇੜਲੇ ਨਾਲੇ ਵਿੱਚ ਸੁੱਟ ਦਿੱਤੀ, ਜਿਸ ਨੂੰ ਅਗਲੇ ਦਿਨ ਕੱਢਿਆ ਗਿਆ। ਚਾਰਜਸ਼ੀਟ ਵਿੱਚ ਕਿਹਾ ਗਿਆ, ‘‘ਛੱਤ ’ਤੇ ਖੜ੍ਹੇ ਗਵਾਹ ਨੇ ਆਪਣੇ ਮੋਬਾਈਲ ਫੋਨ ’ਤੇ ਵੀਡੀਓ ਬਣਾ ਲਈ, ਜਿਸ ਵਿੱਚ ਲੋਕਾਂ ਦਾ ਸਮੂਹ ਮ੍ਰਿਤ ਦੇਹ ਨੂੰ ਨਾਲੇ ਵਿੱਚ ਸੁੱਟਦਾ ਨਜ਼ਰ ਆ ਰਿਹਾ ਹੈ। ਪੋਸਟਮਾਰਟਮ ਦੌਰਾਨ ਡਾਕਟਰਾਂ ਨੇ ਖੁਲਾਸਾ ਕੀਤਾ ਕਿ ਅੰਕਿਤ ਦੀ ਦੇਹ ’ਤੇ ਸੱਟਾਂ ਦੇ 51 ਨਿਸ਼ਾਨ ਸਨ। ਇਹ ਚਾਰਜਸ਼ੀਟ ਆਈਪੀਸੀ ਦੀਆਂ ਧਾਰਾਵਾਂ 302, 365, 147 ਤੇ 148, 153-ਏ, 120-ਬੀ ਅਤੇ 201 ਤਹਿਤ ਦਾਇਰ ਕੀਤੀ ਗਈ, ਜਿਸ ਵਿੱਚ ਹੱਤਿਆ, ਅਗਵਾ, ਦੰਗੇ, ਧਰਮ ਦੇ ਆਧਾਰ ’ਤੇ ਨਫ਼ਰਤ ਨੂੰ ਬੜਾਵਾ ਦੇਣਾ, ਸਾਜ਼ਿਸ਼ ਘੜਨ ਤੇ ਸਬੂਤ ਮਿਟਾਊਣ ਦੇ ਦੋਸ਼ ਸ਼ਾਮਲ ਹਨ। ਇਸ ਕੇਸ ਸਬੰਧੀ ਤਾਹਿਰ ਹੁਸੈਨ ਸਣੇ 10 ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੋਇਆ ਹੈ। ਚਾਰਜਸ਼ੀਟ ਅਨੁਸਾਰ ਅੰਕਿਤ ਸ਼ਰਮਾ ਊਸ ਖੇਤਰ ਵਿੱਚ ਜਾਣਿਆ-ਪਛਾਣਿਆ ਸ਼ਖ਼ਸ ਸੀ। ਚਾਰਜਸ਼ੀਟ ਅਨੁਸਾਰ ਜਾਂਚ ਦੌਰਾਨ ਅੰਕਿਤ ਸ਼ਰਮਾ ਦੀ ਹੱਤਿਆ ਲਈ ਵਰਤਿਆ ਚਾਕੂ ਅਤੇ ਊਸ ਦੇ ਖੂਨ ਨਾਲ ਲਿੱਬੜੇ ਕੱਪੜੇ ਬਰਾਮਦ ਕੀਤੇ ਗਏ। ਮੁਲਜ਼ਮ ਹਸੀਨ ਊਰਫ਼ ਸਲਮਾਨ ਨੇ ਅੰਕਿਤ ਦੀ ਹੱਤਿਆ ਸਬੰਧੀ ਪੁਲੀਸ ਅੱਗੇ ਇਕਬਾਲ ਕੀਤਾ ਹੈ। ਚਾਰਜਸ਼ੀਟ ਵਿੱਚ ਖੁਲਾਸਾ ਕੀਤਾ ਗਿਆ ਕਿ ਅੰਕਿਤ ਸ਼ਰਮਾ ਦੀ ਲਾਸ਼ ਨੂੰ ਨਾਲੇ ਵਿੱਚ ਸੁੱਟੇ ਜਾਣ ਦੀ ਵੀਡੀਓ ਤਿੰਨ ਸੌ ਮੀਟਰ ਦੀ ਦੂਰੀ ਤੋਂ ਬਣੀ ਹੋਣ ਕਰਕੇ ਦੋਸ਼ੀਆਂ ਦੇ ਚਿਹਰੇ ਸਾਫ਼ ਨਜ਼ਰ ਨਹੀਂ ਆ ਰਹੇ।
-ਪੀਟੀਆਈ