ਭੁਜ (ਗੁਜਰਾਤ), 28 ਅਗਸਤ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਉਨ੍ਹਾਂ ਦੇ ਪਿੱਤਰੀ ਰਾਜ ਗੁਜਰਾਤ ਨੂੰ ਬਦਨਾਮ ਕਰਨ ਤੇ ਇਥੇ ਨਿਵੇਸ਼ ਆਉਣ ਤੋਂ ਰੋਕਣ ਲਈ ਸਾਜ਼ਿਸ਼ਾਂ ਘੜੀਆਂ ਗਈਆਂ, ਪਰ ਗੁਜਰਾਤ ਨੇ ਇਨ੍ਹਾਂ ਨੂੰ ਨਜ਼ਰਅੰਦਾਜ਼ ਕਰਕੇ ਤਰੱਕੀ ਤੇ ਵਿਕਾਸ ਦਾ ਨਵਾਂ ਰਾਹ ਤਿਆਰ ਕੀਤਾ। ਸ੍ਰੀ ਮੋਦੀ ਇਥੇ ਕੱਛ ਜ਼ਿਲ੍ਹੇ ਵਿੱਚ ਵਿਕਾਸ ਕਾਰਜਾਂ ਨਾਲ ਜੁੜੇ 4400 ਕਰੋੜ ਰੁਪੲ ਦੀ ਲਾਗਤ ਵਾਲੇ ਪ੍ਰਾਜੈਕਟਾਂ ਦਾ ਉਦਘਾਟਨ ਤੇ ਨੀਂਹ ਪੱਥਰ ਰੱਖਣ ਮਗਰੋਂ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਸ੍ਰੀ ਮੋਦੀ ਨੇ ਕਿਹਾ ਕਿ ਮੌਜੂਦਾ ਕਮੀਆਂ ਦੇ ਬਾਵਜੂਦ ਭਾਰਤ 2047 ਤੱਕ ਵਿਕਸਤ ਮੁਲਕ ਹੋਵੇਗਾ। ਸ੍ਰੀ ਮੋਦੀ ਨੇ ਕੱਛ ਵਿੱਚ ਰੋਡ ਸ਼ੋਅ ਵੀ ਕੱਢਿਆ। ਗੁਜਰਾਤ ਵਿੱਚ ਇਸ ਸਾਲ ਦੇ ਅਖੀਰ ਵਿੱਚ ਅਸੈਂਬਲੀ ਚੋਣਾਂ ਹੋਣੀਆਂ ਹਨ।
ਸ੍ਰੀ ਮੋਦੀ ਨੇ ਕਿਹਾ, ‘‘ਇਕ ਪਾਸੇ ਗੁਜਰਾਤ ਉਪਰੋਥੱਲੀ ਕਈ ਕੁਦਰਤੀ ਆਫ਼ਤਾਂ ਨਾਲ ਸਿੱਝ ਰਿਹਾ ਹੈ ਜਦੋਂਕਿ ਦੂਜੇ ਪਾਸੇ ਗੁਜਰਾਤ ਨੂੰ ਦੇਸ਼ ਤੇ ਵਿਸ਼ਵ ਵਿੱਚ ਬਦਨਾਮ ਕਰਨ ਲਈ ਸਾਜ਼ਿਸ਼ਾਂ ਘੜੀਆਂ ਜਾ ਰਹੀਆਂ ਹਨ। ਗੁਜਰਾਤ ਵਿੱਚ ਨਿਵੇਸ਼ ਆਉਣ ਤੋਂ ਰੋਕਣ ਲਈ ਲਗਾਤਾਰ ਕੋਸ਼ਿਸ਼ਾਂ ਹੋ ਰਹੀਆਂ ਹਨ।’’ ਉਨ੍ਹਾਂ ਕਿਹਾ ਕਿ ਗੁਜਰਾਤ ਨੇ ਆਪਣੇ ਖਿਲਾਫ਼ ਹੁੰਦੀਆਂ ਇਨ੍ਹਾਂ ਸਾਜ਼ਿਸ਼ਾਂ ਨੂੰ ਨਜ਼ਰਅੰਦਾਜ਼ ਕਰਕੇ ਤਰੱਕੀ ਦਾ ਨਵਾਂ ਰਾਹ ਤਿਆਰ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ, ‘‘2001 ਦੇ ਕੱਛ ਭੁਚਾਲ ਮਗਰੋਂ, ਮੈਂ ਕੱਛ ਦੇ ਪੁਨਰਵਿਕਾਸ ਦੀ ਗੱਲ ਕੀਤੀ ਸੀ। ਅਸੀਂ ਇਸ ਲਈ ਸਖ਼ਤ ਮਿਹਨਤ ਕੀਤੀ। ਚੁਣੌਤੀ ਦੀ ਉਸ ਘੜੀ ਵਿੱਚ, ਅਸੀਂ ਐਲਾਨ ਕੀਤਾ ਸੀ ਕਿ ਅਸੀਂ ਇਸ ਬਿਪਤਾ ਨੂੰ ਮੌਕੇ ਵਿੱਚ ਬਦਲ ਦੇਵਾਂਗੇ ਤੇ ਅਸੀਂ ਇਨ੍ਹਾਂ ਬੋਲਾਂ ਨੂੰ ਪੁਗਾਇਆ ਵੀ। ਅੱਜ ਤੁਸੀਂ ਸਾਰੇ ਨਤੀਜੇ ਵੇਖ ਰਹੇ ਹੋ।’’ ਗੁਜਰਾਤ ਫੇਰੀ ਦੇ ਦੂਜੇ ਦਿਨ ਸ੍ਰੀ ਮੋਦੀ ਨੇ ਭੁੱਜ ਵਿੱਚ ਜਿਨ੍ਹਾਂ ਪ੍ਰਾਜੈਕਟਾਂ ਦਾ ਉਦਘਾਟਨ ਤੇ ਨੀਂਹ ਪੱਥਰ ਰੱਖਿਆ, ਉਨ੍ਹਾਂ ਵਿੱਚ ਸਰਦਾਰ ਸਰੋਵਰ ਪ੍ਰਾਜੈਕਟ ਦੀ ਕੱਚ ਬ੍ਰਾਂਚ ਨਹਿਰ, ਸਰਹਦ ਡੇਅਰੀ ਦੇ ਨਿਊ ਸਵੈ-ਚਾਲਿਤ ਮਿਲਕ ਪ੍ਰਾਸੈਸਿੰਗ ਤੇ ਪੈਕਿੰਗ ਪਲਾਂਟ, ਖੇਤਰੀ ਵਿਗਿਆਨ ਕੇਂਦਰ, ਗਾਂਧੀਧਾਮ ਵਿਖੇ ਡਾ.ਬਾਬਾ ਸਾਹਿਬ ਅੰਬੇਦਕਰ ਕਨਵੈਨਸ਼ਨ ਸੈਂਟਰ ਸ਼ਾਮਲ ਹਨ। -ਪੀਟੀਆਈ
ਗੁਜਰਾਤ ਸਮ੍ਰਿਤੀ ਵਨ ਭੁਚਾਲ ਪੀੜਤਾਂ ਨੂੰ ਸਮਰਪਿਤ ਕੀਤਾ
ਭੁੱਜ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ੍ਰਮਿਤੀ ਵਨ ਯਾਦਗਾਰ ਦਾ ਵੀ ਉਦਘਾਟਨ ਕੀਤਾ। ਉਨ੍ਹਾਂ ਕਿਹਾ ਕਿ ਇਹ ਯਾਦਗਾਰ ਕੱਛ ਵਿੱਚ 2001 ’ਚ ਆਏ ਭੁਚਾਲ ਵਿੱਚ ਜਾਨਾਂ ਗੁਆਉਣ ਵਾਲੇ ਲੋਕਾਂ ਅਤੇ ਇਥੋਂ ਦੇ ਲੋਕਾਂ ਦੇ ਬਿਪਤਾ ਨਾਲ ਲੜਨ ਦੇ ਬੇਮਿਸਾਲ ਜੋਸ਼ ਨੂੰ ਸ਼ਰਧਾਂਜਲੀ ਹੈ। ਭੁੱਜ ਕਸਬੇ ਨੇੜੇ ਭੁਜੀਓ ਪਹਾੜੀ ’ਤੇ ਬਣੀ ਇਹ ਯਾਦਗਾਰ 470 ਏਕੜ ਤੋਂ ਵੱਧ ਰਕਬੇ ਵਿੱਚ ਫੈਲੀ ਹੋਈ ਹੈ। 26 ਜਨਵਰੀ 2001 ਨੂੰ ਆਏ ਭੁਚਾਲ ਵਿੱਚ 13000 ਦੇ ਕਰੀਬ ਲੋਕਾਂ ਦੀ ਜਾਨ ਜਾਂਦੀ ਰਹੀ ਸੀ। ਭੁਚਾਲ ਦਾ ਕੇਂਦਰ ਭੁੱਜ ਸੀ। ਇਸ ਯਾਦਗਾਰ ਵਿੱਚ ਸ੍ਰਮਿਤੀ ਵਨ ਭੁਚਾਲ ਮਿਊਜ਼ੀਅਮ ਵੀ ਹੈ।
ਮੋਦੀ ਤੋਂ ਪਹਿਲਾਂ ਹੀ ਗੁਜਰਾਤ ਆਰਥਿਕ ਪੱਖੋਂ ਮਜ਼ਬੂਤ ਬਣ ਚੁੱਕਾ ਸੀ: ਕਾਂਗਰਸ
ਨਵੀਂ ਦਿੱਲੀ: ਕਾਂਗਰਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ‘ਗੁਜਰਾਤ ਨੂੰ ਬਦਨਾਮ ਕਰਨ ਲਈ ਸਾਜ਼ਿਸ਼ਾਂ ਘੜਨ’ ਬਾਰੇ ਬਿਆਨ ਲਈ ਪਲਟਵਾਰ ਕਰਦਿਆਂ ਕਿਹਾ ਕਿ ਸੱਚ ਤਾਂ ਇਹ ਹੈ ਕਿ ਸ੍ਰੀ ਮੋਦੀ ਦੇ ਸੂਬੇ ਦਾ ਮੁੱਖ ਮੰਤਰੀ ਬਣਨ ਤੋਂ ਲੰਮਾ ਸਮਾਂ ਪਹਿਲਾਂ ਹੀ ਗੁਜਰਾਤ ਆਰਥਿਕ ਪੱਖੋਂ ਮਜਬੂਤ ਬਣ ਚੁੱਕਾ ਸੀ। ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕਿਹਾ ਕਿ ਕਾਂਗਰਸ ਸਰਕਾਰਾਂ ਵੱਲੋਂ ਸਰਕਾਰੀ ਖੇਤਰ ਵਿੱਚ ਕੀਤੇ ਨਿਵੇਸ਼ ਨਾਲ ਸੂਬੇ ਦਾ ਵਿਕਾਸ ਤੇਜ਼ ਹੋਇਆ ਸੀ।’’