ਨਵੀਂ ਦਿੱਲੀ: ਆਈਆਈਟੀ ਦਿੱਲੀ ਦਾ ਸਾਬਕਾ ਵਿਦਿਆਰਥੀ ਨੀਰਜ ਚੌਧਰੀ ਜਿਸ ਦਿਨ ਕਾਠਮੰਡੂ ਤੋਂ ਮਾਊਂਟ ਐਵਰੈਸਟ ਦੀ ਚੜ੍ਹਾਈ ਸ਼ੁਰੂ ਕਰਨ ਵਾਲਾ ਸੀ, ਉਸੇ ਦਿਨ ਉਸ ਦੀ ਕਰੋਨਾ ਜਾਂਚ ਪਾਜ਼ੇਟਿਵ ਆਈ ਸੀ ਪਰ ਕਰੋਨਾ ਤੋਂ ਉੱਭਰਨ ਤੋਂ ਸੱਤ ਹਫ਼ਤਿਆਂ ਅੰਦਰ ਹੀ ਉਹ ਬੇਸ ਕੈਂਪ ਮੁੜਿਆ ਤੇ ਐਵਰੈਸਟ ਦੇ ਸਿਖਰ ’ਤੇ ਕੌਮੀ ਝੰਡੇ ਦੇ ਨਾਲ ਨਾਲ ਆਈਆਈਟੀ ਦਾ ਝੰਡਾ ਲਹਿਰਾਉਣ ’ਚ ਕਾਮਯਾਬ ਹੋਇਆ। ਦੇਸ਼ ਜਦੋਂ ਕੋਵਿਡ-19 ਮਹਾਮਾਰੀ ਦੀ ਦੂਜੀ ਲਹਿਰ ਦਾ ਸਾਹਮਣਾ ਕਰ ਰਿਹਾ ਸੀ ਤਾਂ ਰਾਜਸਥਾਨ ’ਚ ਚੌਧਰੀ (37) ਦਾ ਪਰਿਵਾਰ ਉਸ ਦੀ ਸਿਹਤ ਪ੍ਰਤੀ ਫਿਕਰਮੰਦ ਹੋ ਕੇ ਉਸ ਦੇ ਫੋਨ ਦੀ ਉਡੀਕ ਕਰ ਰਿਹਾ ਸੀ। ਚੌਧਰੀ ਨੇ 2009-11 ਦੌਰਾਨ ਆਈਆਈਟੀ ਦਿੱਲੀ ਤੋਂ ਵਾਤਾਵਰਨ ਵਿਗਿਆਨ ਤੇ ਪ੍ਰਬੰਧਨ ’ਚ ਐੱਮਟੈੱਕ ਦੀ ਡਿਗਰੀ ਹਾਸਲ ਕੀਤੀ ਸੀ ਅਤੇ ਇਸ ਸਮੇਂ ਉਹ ਰਾਜਸਥਾਨ ਸਰਕਾਰ ਦੇ ਜਲ ਸਰੋਤ ਵਿਭਾਗ ’ਚ ਕੰਮ ਕਰ ਰਿਹਾ ਹੈ। ਉਸ ਨੇ 2014 ’ਚ ਪਰਬਤਾਰੋਹਨ ਸ਼ੁਰੂ ਕੀਤਾ ਸੀ ਅਤੇ 2020 ’ਚ ਉਹ ਯੁਵਾ ਮਾਮਲੇ ਤੇ ਖੇਡ ਮੰਤਰਾਲੇ ਤਹਿਤ ਇੰਡੀਅਨ ਮਾਊਂਟੇਨੀਅਰਿੰਗ ਫਾਊਂਡੇਸ਼ਨ ਐਵਰੈਸਟ ਐਕਸਪੀਡੀਸ਼ਨ ਦਾ ਮੈਂਬਰ ਚੁਣਿਆ ਗਿਆ ਸੀ। ਕਰੋਨਾਵਾਇਰਸ ਕਾਰਨ ਇਹ ਮੁਹਿਮ ਮੁਲਤਵੀ ਕਰ ਦਿੱਤੀ ਗਈ ਸੀ। ਚੌਧਰੀ ਦੀ ਪ੍ਰਾਪਤੀ ਲਈ ਉਸ ਨੂੰ ਸਨਮਾਨਿਤ ਕਰਨ ਲਈ ਆਈਆਈਟੀ ਦਿੱਲੀ ’ਚ ਇੱਕ ਸਮਾਗਮ ਵੀ ਕੀਤਾ ਗਿਆ ਸੀ। -ਪੀਟੀਆਈ