ਬੇਲਾਰੀ (ਕਰਨਾਟਕ), 15 ਅਕਤੂਬਰ
ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਇੱਥੇ ਵੱਡੇ ਇਕੱਠ ਦੌਰਾਨ ਕਰਨਾਟਕ ਨਾਲ ਆਪਣੇ ਪਰਿਵਾਰ ਦੇ ਸਬੰਧਾਂ ਨੂੰ ਯਾਦ ਕਰਦਿਆਂ ਚੋਣ ਅਧਾਰਿਤ ਸੂਬੇ ਦੇ ਲੋਕਾਂ ਨਾਲ ਭਾਵਨਾਤਮਕ ਸਾਂਝ ਪਾਉਣ ਦੀ ਕੋਸ਼ਿਸ਼ ਕੀਤੀ। ਇਸੇ ਦੌਰਾਨ ਉਨ੍ਹਾਂ ਨੇ ਸੂਬੇ ਦੀ ਭਾਜਪਾ ਸਰਕਾਰ ਨੂੰ ‘ਐੱਸਸੀ, ਐੱਸਟੀ’ ਵਿਰੋਧੀ ਕਰਾਰ ਦਿੱਤਾ। ਉਨ੍ਹਾਂ ਨੇ ਬੇਲਾਰੀ ਦਾ ਹਵਾਲਾ ਦਿੱਤਾ ਜਿੱਥੋਂ ਉਨ੍ਹਾਂ ਦੀ ਮਾਂ ਅਤੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ 1999 ’ਚ ਲੋਕ ਸਭਾ ਚੋਣ ਜਿੱਤੀ ਸੀ। ਕਾਂਗਰਸੀ ਨੇਤਾ ਇਸ ਗੱਲ ਵੀ ਧਿਆਨ ਦਿਵਾਇਆ ਕਿ ਉਨ੍ਹਾਂ ਦੀ ਦਾਦੀ ਮਰਹੂਮ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ 1978 ’ਚ ਚਿੱਕਮੰਗਲੂਰ ਤੋਂ ਚੋਣ ਲੜੇ ਸਨ ਅਤੇ ਜਿੱਤ ਹਾਸਲ ਕੀਤੀ।
ਰਾਹੁਲ ਨੇ ਭਾਜਪਾ ਦੀ ਅਗਵਾਈ ਵਾਲੀ ਕਰਨਾਟਕ ਸਰਕਾਰ ’ਤੇ ਅਨਸੂਚਿਤ ਜਾਤੀ ਤੇ ਜਨਜਾਤੀ ਵਿਰੋਧੀ ਹੋਣ ਦਾ ਦੋਸ਼ ਲਾਇਆ ਅਤੇ ਇਸ ਨੂੰ ‘‘40 ਫ਼ੀਸਦੀ ਕਮਿਸ਼ਨ’ ਵਾਲੀ ਸਰਕਾਰ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਕਰਨਾਟਕ ਦੀ ਭਾਜਪਾ ਸਰਕਾਰ ‘‘ਐੱਸਸੀ ਅਤੇ ਐੱਸਟੀ ਵਿਰੋਧੀ’’ ਹੈ ਅਤੇ ਇਨ੍ਹਾਂ ਪੀੜਤ ਲੋਕਾਂ ਖ਼ਿਲਾਫ਼ ਜਬਰ ’ਚ 50 ਫ਼ੀਸਦੀ ਵਾਧਾ ਹੋਇਆ ਹੈ। -ਪੀਟੀਆਈ
ਭਾਜਪਾ ਤੇ ਆਰਐੱਸਐੱਸ ’ਤੇ ਨਫ਼ਰਤ ਫੈਲਾਉਣ ਦੇ ਦੋਸ਼ ਲਾਏ
ਰਾਹੁਲ ਗਾਂਧੀ ਨੇ ਭਾਜਪਾ ਤੇ ਆਰਐੱਸਐੱਸ ’ਤੇ ਵਰ੍ਹਦਿਆਂ ਕਿਹਾ ਕਿ ‘ਨਫ਼ਰਤੀ’ ਵਿਚਾਰਧਾਰਾ ਦੇਸ਼ ਨੂੰ ਕਮਜ਼ੋਰ ਕਰ ਰਹੀ ਹੈ। ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਕਿਹਾ ਕਿ ਦੇਸ਼ ਨੂੰ ‘ਫਾਸ਼ੀਵਾਦੀ’ ਤਾਕਤਾਂ ਤੋਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਿੱਧਾਰਮੱਈਆ ਨੇ ਭਾਜਪਾ ਅਤੇ ਆਰਐੱਸਐੈੱਸ ’ਤੇ ਦੋਸ਼ ਲਾਇਆ ਕਿ ਉਹ ‘ਫਿਰਕੂ ਰਾਜਨੀਤੀ’ ਰਾਹੀਂ ਦੇਸ਼ ਵਿੱਚ ‘‘ਸ਼ਾਂਤੀ ਭੰਗ’’ ਕਰ ਰਹੀਆਂ ਹਨ।