ਲਖਨਊ, 23 ਜਨਵਰੀ
ਬਹੁਜਨ ਸਮਾਜ ਪਾਰਟੀ ਪ੍ਰਧਾਨ ਮਾਇਆਵਤੀ ਨੇ ਅੱਜ ਕਿਹਾ ਕਿ ਕਾਂਗਰਸ ਦੀ ਹਾਲਤ ਏਨੀ ਤਰਸਯੋਗ ਹੋ ਗਈ ਹੈ ਕਿ ਉਸ ਨੂੰ ਉਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਲਈ ਆਪਣਾ ਮੁੱਖ ਮੰਤਰੀ ਦਾ ਚਿਹਰਾ ਐਲਾਨਣ ਦਾ ਫ਼ੈਸਲਾ ਕੁੱਝ ਘੰਟਿਆਂ ਵਿੱਚ ਹੀ ‘ਬਦਲਣਾ’ ਪਿਆ। ਮਾਇਆਵਤੀ ਨੇ ਟਵੀਟ ਕੀਤਾ, ‘‘ਯੂਪੀ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਪਾਰਟੀ ਦੀ ਹਾਲਤ ਏਨੀ ਤਰਸਯੋਗ ਹੋ ਗਈ ਹੈ ਕਿ ਉਸ ਨੂੰ ਮੁੱਖ ਮੰਤਰੀ ਦਾ ਉਮੀਦਵਾਰ ਕੁੱਝ ਘੰਟਿਆਂ ਵਿੱਚ ਹੀ ਬਦਲਣਾ ਪਿਆ। ਵਧੀਆ ਰਹੇਗਾ, ਜੇ ਲੋਕ ਆਪਣੀ ਵੋਟ ਕਾਂਗਰਸ ਨੂੰ ਪਾ ਕੇ ਖ਼ਰਾਬ ਨਾ ਕਰਨ ਅਤੇ ਬਸਪਾ ਨੂੰ ਇਕਤਰਫ਼ਾ ਵੋਟ ਦੇਣ।’’ ਬਸਪਾ ਸੁਪਰੀਮੋ ਨੇ ਕਾਂਗਰਸ ਨੂੰ ਭਾਜਪਾ ਖ਼ਿਲਾਫ਼ ਭੁਗਤਣ ਵਾਲੀਆਂ ਵੋਟਾਂ ਨੂੰ ਵੰਡਣ ਵਾਲੀ ਪਾਰਟੀ ਕਰਾਰ ਦਿੱਤਾ ਅਤੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਾਂਗਰਸ ਨੂੰ ਤਵੱਜੋ ਨਾ ਦੇਣ। ਉਨ੍ਹਾਂ ਅੱਗੇ ਲਿਖਿਆ, ‘‘ਯੂਪੀ ਦੇ ਲੋਕ ਕਾਂਗਰਸ ਨੂੰ ਵੋਟਾਂ ਕੱਟਣ ਵਾਲੀ ਪਾਰਟੀ ਵਜੋਂ ਦੇਖਦੇ ਹਨ। ਜੇ ਭਾਜਪਾ ਨੂੰ ਸੱਤਾ ਤੋਂ ਬਾਹਰ ਕਰ ਕੇ ਸਮਾਜ ਦੇ ਸਾਰੇ ਵਰਗਾਂ ਦੀ ਨੁਮਾਇੰਦਗੀ ਕਰਨ ਵਾਲੀ ਸਰਕਾਰ ਬਣਾਉਣੀ ਹੈ ਤਾਂ ਇਸ ਮਾਮਲੇ ਵਿੱਚ ਬਸਪਾ ਪਹਿਲੇ ਨੰਬਰ ’ਤੇ ਹੈ।’’ ਦੋ ਦਿਨ ਪਹਿਲਾਂ ਦਿੱਲੀ ਵਿੱਚ ਕਾਂਗਰਸ ਦੇ ਮੁੱਖ ਦਫ਼ਤਰ ਵਿੱਚ ਨੌਜਵਾਨਾਂ ਲਈ ਚੋਣ ਮਨੋਰਥ-ਪੱਤਰ ਜਾਰੀ ਕਰਨ ਦੌਰਾਨ, ਜਦੋਂ ਪਾਰਟੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੂੰ ਪੁੱਛਿਆ ਗਿਆ ਕਿ ਯੂਪੀ ਵਿੱਚ ਕਾਂਗਰਸ ਵੱਲੋਂ ਮੁੱਖ ਮੰਤਰੀ ਦਾ ਚਿਹਰਾ ਕੌਣ ਹੋਵੇਗਾ ਤਾਂ ਉਨ੍ਹਾਂ ਕਿਹਾ ਸੀ, ‘‘ਕੀ ਤੁਹਾਨੂੰ ਕਾਂਗਰਸ ਵਿੱਚ ਯੂਪੀ ਤੋਂ ਕੋਈ ਚਿਹਰਾ ਨਜ਼ਰ ਆਉਂਦਾ ਹੈ?’’ ਬਾਅਦ ਵਿੱਚ ਸ਼ਨਿੱਚਰਵਾਰ ਨੂੰ ਇੱਕ ਇੰਟਰਵਿਊ ਦੌਰਾਨ ਪ੍ਰਿਯੰਕਾ ਨੇ ਕਿਹਾ ਸੀ ਕਿ ਸਿਰਫ਼ ਉਹੀ ਪਾਰਟੀ ਦਾ ਚਿਹਰਾ ਨਹੀਂ ਹੈ। ਇੰਟਰਵਿਊ ਦੌਰਾਨ ਉਨ੍ਹਾਂ ਨੇ ਬਸਪਾ ਦੀ ਹੌਲੀ ਚੱਲ ਰਹੀ ਚੋਣ ਮੁਹਿੰਮ ’ਤੇ ਹੈਰਾਨੀ ਵੀ ਪ੍ਰਗਟਾਈ ਸੀ। -ਪੀਟੀਆਈ
ਬਸਪਾ ਵੱਲੋਂ ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ
ਲਖਨਊ: ਬਸਪਾ ਨੇ ਯੂਪੀ ਵਿਧਾਨ ਸਭਾ ਚੋਣਾਂ ਦੇ ਪਹਿਲੇ ਪੜਾਅ ਲਈ ਆਪਣੇ ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ ਜਿਸ ਵਿੱਚ ਪਾਰਟੀ ਸੁਪਰੀਮੋ ਮਾਇਆਵਤੀ ਤੇ ਉਨ੍ਹਾਂ ਦੇ ਭਰਾ ਆਨੰਦ ਕੁਮਾਰ ਦੇ ਨਾਂ ਸ਼ਾਮਲ ਹਨ। ਇਨ੍ਹਾਂ ਤੋਂ ਇਲਾਵਾ ਪਾਰਟੀ ਦੇ ਜਨਰਲ ਸਕੱਤਰ ਸਤੀਸ਼ ਮਿਸ਼ਰਾ, ਸਾਬਕਾ ਐੱਮਪੀ ਮੁਕਾਦ ਅਲੀ ਤੇ ਸਾਬਕਾ ਮੰਤਰੀ ਨਕੁਲ ਦੂਬੇ ਦੇ ਨਾਂ 18 ਸਟਾਰ ਪ੍ਰਚਾਰਕਾਂ ਦੀ ਸੂਚੀ ’ਚ ਸ਼ੁਮਾਰ ਹਨ।