ਤਿਰੂਵਨੰਤਪੁਰਮ, 11 ਸਤੰਬਰ
ਕਾਂਗਰਸ ਦੀ ਭਾਰਤ ਜੋੜੋ ਯਾਤਰਾ ਅੱਜ ਸਵੇਰੇ ਕੇਰਲਾ ’ਚ ਦਾਖ਼ਲ ਹੋ ਗਈ। ਕੇਰਲਾ ’ਚ ਯਾਤਰਾ ਦੇ 19 ਦਿਨਾਂ ਦੌਰਾਨ ਵੱਖ ਵੱਖ ਸ਼ਹਿਰਾਂ ਅਤੇ ਕਸਬਿਆਂ ’ਚ ਲੋਕਾਂ ਨੂੰ ਭਾਜਪਾ ਸਰਕਾਰ ਦੀਆਂ ਨੀਤੀਆਂ ਖ਼ਿਲਾਫ਼ ਜਾਗਰੂਕ ਕੀਤਾ ਜਾਵੇਗਾ।
ਯਾਤਰਾ ਦੀਆਂ ਤਸਵੀਰਾਂ ਸਾਂਝੀਆਂ ਕਰਦਿਆਂ ਕਾਂਗਰਸ ਆਗੂ ਪ੍ਰਿਯੰਕਾ ਗਾਂਧੀ ਵਾਡਰਾ ਨੇ ਕਿਹਾ ਕਿ ਸਮਾਜ ਦਾ ਹਰੇਕ ਵਰਗ ਭਾਰਤ ਜੋੜੋ ਯਾਤਰਾ ਨੂੰ ਲੈ ਕੇ ਉਤਸ਼ਾਹਿਤ ਹੈ ਜੋ ਕਿਸਾਨਾਂ, ਮਜ਼ਦੂਰਾਂ, ਨੌਜਵਾਨਾਂ, ਮਹਿਲਾਵਾਂ, ਬੱਚਿਆਂ ਅਤੇ ਬਜ਼ੁਰਗਾਂ ਦੀ ਸ਼ਮੂਲੀਅਤ ਤੋਂ ਨਜ਼ਰ ਆਉਂਦਾ ਹੈ। ਫੇਸਬੁੱਕ ਪੋਸਟ ’ਤੇ ਉਨ੍ਹਾਂ ਕਿਹਾ,‘‘ਦੇਸ਼ ਦੇ ਲੋਕਾਂ ਦਾ ਸੁਨੇਹਾ ਸਪੱਸ਼ਟ ਹੈ। ਮਹਿੰਗਾਈ, ਬੇਰੁਜ਼ਗਾਰੀ, ਆਰਥਿਕ ਸੰਕਟ ਅਤੇ ਵੰਡਪਾਊ ਸਿਆਸਤ ਖ਼ਤਮ ਹੋਣੀ ਚਾਹੀਦੀ ਹੈ।’’ ਯਾਤਰਾ ਨੂੰ ਮਿਲੇ ਭਰਵੇਂ ਹੁੰਗਾਰੇ ਤੋਂ ਖੁਸ਼ ਕਾਂਗਰਸ ਨੇ ਟਵੀਟ ਕਰਕੇ ਕਿਹਾ ਕਿ ਯਾਤਰਾ ਭਾਰਤ ਨੂੰ ਜੋੜ ਰਹੀ ਹੈ। ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਸਵੇਰੇ ਕਰੀਬ ਸਾਢੇ 7 ਵਜੇ ਪਰਾਸੱਲਾ ਤੋਂ ਯਾਤਰਾ ਸ਼ੁਰੂ ਕੀਤੀ ਜਿਥੇ ਕੇਰਲਾ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਕੇ ਸੁਧਾਕਰਨ ਦੀ ਅਗਵਾਈ ਹੇਠ ਪਾਰਟੀ ਦੇ ਸੀਨੀਅਰ ਆਗੂਆਂ ਨੇ ਉਨ੍ਹਾਂ ਦਾ ਸਵਾਗਤ ਕੀਤਾ। ਇਸ ਮੌਕੇ ਕੇ ਸੀ ਵੇਣੂਗੋਪਾਲ, ਸ਼ਸ਼ੀ ਥਰੂਰ, ਓਮਨ ਚਾਂਡੀ ਅਤੇ ਰਮੇਸ਼ ਚੇਨੀਥੱਲਾ ਵੀ ਹਾਜ਼ਰ ਸਨ।
ਯਾਤਰਾ ਦੇ ਕੌਮੀ ਕੋਆਰਡੀਨੇਟਰ ਦਿੱਗਵਿਜੈ ਸਿੰਘ ਨੇ ਟਵੀਟ ਕਰਕੇ ਕਿਹਾ,‘‘ਅਸੀਂ ਤਾਮਿਲ ਬੋਲਦੇ ਤਾਮਿਲ ਨਾਡੂ ਤੋਂ ਕੱਲ ਮਲਿਆਲਮ ਬੋਲਦੇ ਕੇਰਲਾ ’ਚ ਦਾਖ਼ਲ ਹੋ ਗਏ ਹਾਂ।’’ ਰਾਹੁਲ ਨਾਲ ਯਾਤਰਾ ’ਚ ਸ਼ਾਮਲ ਜੈਰਾਮ ਰਮੇਸ਼ ਨੇ ਟਵੀਟ ਕਰਕੇ ਕਿਹਾ ਕਿ ਐਤਵਾਰ ਦੀ ਸਵੇਰ ਨੂੰ ਆਸ ਮੁਤਾਬਕ ਵੱਡੀ ਗਿਣਤੀ ਲੋਕਾਂ ਨੇ ਸਾਡਾ ਸਵਾਗਤ ਕੀਤਾ।’’ ਟੀਵੀ ਚੈਨਲਾਂ ਅਤੇ ਭਾਰਤ ਜੋੜੋ ਯਾਤਰਾ ਦੇ ਟਵਿੱਟਰ ਪੇਜ ’ਤੇ ਨਸ਼ਰ ਤਸਵੀਰਾਂ ’ਚ ਹਜ਼ਾਰਾਂ ਲੋਕ ਰਾਹੁਲ ਦੀ ਇਕ ਝਲਕ ਦੇਖਣ, ਉਸ ਨਾਲ ਤਸਵੀਰ ਖਿਚਵਾਉਣ ਜਾਂ ਗੱਲ ਕਰਨ ਲਈ ਸੜਕਾਂ ਦੇ ਕੰਢਿਆਂ ’ਤੇ ਖੜ੍ਹੇ ਸਨ। ਸ਼ਨਿਚਰਵਾਰ ਸ਼ਾਮ ਨੂੰ ਜਦੋਂ ਯਾਤਰਾ ਕੇਰਲਾ ’ਚ ਦਾਖ਼ਲ ਹੋਈ ਸੀ ਤਾਂ ਰਾਹੁਲ ਗਾਂਧੀ ਨੇ ਟਵੀਟ ਕਰਕੇ ਕਿਹਾ,‘‘ਸਿੱਖਿਆ ਰਾਹੀਂ ਆਜ਼ਾਦੀ ਹਾਸਲ ਕਰੋ, ਜਥੇਬੰਦ ਹੋ ਕੇ ਤਾਕਤ ਹਾਸਲ ਕਰੋ, ਸਨਅਤ ਰਾਹੀਂ ਖ਼ੁਸ਼ਹਾਲੀ ਹਾਸਲ ਕਰੋ। ਸ੍ਰੀ ਨਾਰਾਇਣ ਗੁਰੂ ਜੈਅੰਤੀ ਦੇ ਪਵਿੱਤਰ ਦਿਹਾੜੇ ’ਤੇ ਅਸੀਂ ਖੂਬਸੂਰਤ ਸੂਬੇ ਕੇਰਲਾ ’ਚ ਮੁਹਿੰਮ ਸ਼ੁਰੂ ਕੀਤੀ ਹੈ। ਉਨ੍ਹਾਂ ਦੇ ਬੋਲ ਸਾਨੂੰ ਪ੍ਰੇਰਣਾ ਦਿੰਦੇ ਰਹਿਣਗੇ।’’