ਜੈਪੁਰ, 14 ਅਗਸਤ
ਰਾਜਸਥਾਨ ਦੇ ਸਾਬਕਾ ਊਪ ਮੁੱਖ ਮੰਤਰੀ ਸਚਿਨ ਪਾਇਲਟ ਨੇ ਵਿਰੋਧੀ ਧਿਰ ਨੂੰ ਨਿਸ਼ਾਨੇ ’ਤੇ ਲੈਂਦਿਆਂ ਖ਼ੁਦ ਨੂੰ ਕਾਂਗਰਸ ਦਾ ‘ਸਭ ਤੋਂ ਜ਼ੋਰਾਵਰ ਜੋਧਾ’ ਕਰਾਰ ਦਿੱਤਾ ਹੈ। ਪਿਛਲੇ ਦਿਨਾਂ ’ਚ ਪਾਰਟੀ ਨੂੰ ਹੀ ਬਾਗ਼ੀ ਤੇਵਰ ਵਿਖਾਉਣ ਵਾਲੇ ਪਾਇਲਟ ਨੇ ਕਿਹਾ ਕਿ ਉਹ ਕਾਂਗਰਸ ਪਾਰਟੀ ਦਾ ਹਰ ਕੀਮਤ ’ਤੇ ਬਚਾਅ ਕਰਨਗੇ। ਪਾਇਲਟ ਨੇ ਇਹ ਟਿੱਪਣੀ ਅੱਜ ਸੱਤਾਧਾਰੀ ਪਾਰਟੀ ਵੱਲੋਂ ਰਾਜਸਥਾਨ ਅਸੈਂਬਲੀ ਵਿੱਚ ਪੇਸ਼ ਭਰੋਸਗੀ ਮਤੇ ’ਤੇ ਵਿਚਾਰ ਚਰਚਾ ਦੌਰਾਨ ਕੀਤੀ। ਦੱਸ ਦਈਏ ਕਿ ਅੱਜ ਅਸੈਂਬਲੀ ਵਿੱਚ ਮਤੇ ’ਤੇ ਚਰਚਾ ਦੌਰਾਨ ਵਿਰੋਧੀ ਧਿਰ ਦੇ ਡਿਪਟੀ ਆਗੂ ਰਾਜਿੰਦਰ ਰਾਠੌੜ ਨੇ ਸੂਬੇ ਵਿੱਚ ਹੋਈਆਂ ਹਾਲੀਆਂ ਸਰਗਰਮੀਆਂ ਦੇ ਹਵਾਲੇ ਨਾਲ ਪਾਇਲਟ ਦਾ ਨਾਮ ਕਈ ਵਾਰ ਲਿਆ ਤਾਂ ਸਾਬਕਾ ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਰਾਠੌੜ ਨੂੰ ਵਿਚਾਲੇ ਟੋਕਦਿਆਂ ਕਿਹਾ, ‘ਇਕ ਪਾਸੇ ਸੱਤਾਧਾਰੀ ਪਾਰਟੀ ਤੇ ਦੂਜੇ ਪਾਸੇ ਵਿਰੋਧੀ ਧਿਰ ਹੈ। ਸਰਹੱਦ ’ਤੇ ਕਿਸ ਨੂੰ ਭੇਜਿਆ ਗਿਆ? ਸਭ ਤੋਂ ਜ਼ੋਰਾਵਰ ਜੋਧੇ ਨੂੰ ਭੇਜਿਆ ਗਿਆ।’ ਚੇਤੇ ਰਹੇ ਕਿ ਪਾਇਲਟ ਨੂੰ ਉਪ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾਏ ਜਾਣ ਤੋਂ ਪਹਿਲਾਂ ਉਹ ਸਦਨ ਵਿੱਚ ਮੁੱਖ ਮੰਤਰੀ ਦੇ ਨਜ਼ਦੀਕ ਬੈਠਦੇ ਸੀ, ਪਰ ਹੁਣ ਉਨ੍ਹਾਂ ਦੀ ਸੀਟ ਬਦਲ ਦਿੱਤੀ ਗਈ ਹੈ। ਪਾਇਲਟ ਨੇ ਕਿਹਾ, ‘ਭਰੋਸੇ ਦੀ ਵੋਟ ’ਤੇ ਚਰਚਾ ਦੌਰਾਨ ਕਈ ਗੱਲਾਂ ਕਹੀਆਂ ਗਈਆਂ ਹਨ ਤੇ ਕਈ ਹੋਰ ਕਹੀਆਂ ਜਾਣਗੀਆਂ। ਸਮੇਂ ਦੇ ਨਾਲ ਹਰ ਚੀਜ਼ ਤੋਂ ਪਰਦਾ ਚੁੱਕਿਆ ਜਾਵੇਗਾ।’ -ਪੀਟੀਆਈ