ਨਵੀਂ ਦਿੱਲੀ, 3 ਸਤੰਬਰ
ਦਿਨੋ-ਦਿਨ ਵਧ ਰਹੀਆਂ ਤੇਲ ਕੀਮਤਾਂ, ਬੇਰੁਜ਼ਗਾਰੀ, ਜ਼ਰੂਰੀ ਵਸਤੂਆਂ ’ਤੇ ਜੀਐੱਸਟੀ ਵਧਾਉਣ ਖ਼ਿਲਾਫ਼ ਭਾਜਪਾ ਦਾ ਘਿਰਾਓ ਕਰਨ ਲਈ ਕਾਂਗਰਸ ਵੱਲੋਂ ਨਵੀਂ ਦਿੱਲੀ ਦੇ ਰਾਮਲੀਲਾ ਮੈਦਾਨ ਵਿੱਚ 4 ਸਤੰਬਰ ਨੂੰ ‘ਮਹਿੰਗਾਈ ’ਤੇ ਹੱਲਾ ਬੋਲ’ ਰੈਲੀ ਕੀਤੀ ਜਾਵੇਗੀ। ਇਸ ਰੈਲੀ ਨੂੰ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਅਤੇ ਪਾਰਟੀ ਦੇ ਹੋਰ ਆਗੂ ਸੰਬੋਧਨ ਕਰਨਗੇ। ਰੈਲੀ ਵਿੱਚ ਦਿੱਲੀ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਸਮੇਤ ਦੇਸ਼ ਦੇ ਵੱਖ ਵੱਖ ਹਿੱਸਿਆਂ ਤੋਂ ਕਾਂਗਰਸੀ ਵਰਕਰ ਸ਼ਾਮਲ ਹੋਣਗੇ। ਕਾਂਗਰਸ ਵੱਲੋਂ ਮਹਿੰਗਾਈ ਅਤੇ ਬੇਰੁਜ਼ਗਾਰੀ ਵਰਗੇ ਮੁੱਦਿਆਂ ’ਤੇ 7 ਸਤੰਬਰ ਤੋਂ ਕੰਨਿਆਕੁਮਾਰੀ ਤੋਂ ਸ੍ਰੀਨਗਰ ਤੱਕ ‘ਭਾਰਤ ਜੋੜੋ ਯਾਤਰਾ’ ਵੀ ਕੱਢੀ ਜਾ ਰਹੀ ਹੈ, ਜਿਸ ਵਿੱਚ ਰਾਹੁਲ ਗਾਂਧੀ ਸ਼ਾਮਲ ਹੋਣਗੇ। ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਅਤੇ ਪਾਰਟੀ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਇਸ ਵੇਲੇ ਇਲਾਜ ਲਈ ਵਿਦੇਸ਼ ਹੋਣ ਕਰਕੇ ਇਨ੍ਹਾਂ ਪ੍ਰੋਗਰਾਮਾਂ ਵਿੱਚ ਸ਼ਿਰਕਤ ਨਹੀਂ ਕਰ ਸਕਣਗੀਆਂ। ਇਸ ਰੈਲੀ ਤੋਂ ਪਹਿਲਾਂ ਅੱਜ ਕਾਂਗਰਸ ਆਗੂਆਂ ਨੇ ਕੇਂਦਰ ਸਰਕਾਰ ’ਤੇ ਲੱਕ ਤੋੜਵੀਂ ਮਹਿੰਗਾਈ ਜਿਹੇ ਲੋਕ ਮੁੱਦੇ ਪ੍ਰਤੀ ਸੰਵੇਦਨਹੀਣ ਹੋਣ ਦਾ ਦੋਸ਼ ਲਾਉਂਦਿਆਂ ਕਿਹਾ ਕਿ ਭਾਜਪਾ ਸਰਕਾਰ ਦੇ ਕਾਰਜਕਾਲ ’ਚ ਸਿਰਫ਼ ਕਾਰਪੋਰੇਟ ਟੈਕਸ ਨੂੰ ਛੱਡ ਕੇ ਤਕਰੀਬਨ ਹਰ ਚੀਜ਼ ’ਤੇ ਟੈਕਸ ਵਧਾ ਦਿੱਤਾ ਗਿਆ ਸੀ। ਪਾਰਟੀ ਦੇ ਜਨਰਲ ਸਕੱਤਰ ਜੈਰਾਮ ਰਮੇਸ਼, ਕੇਸੀ ਵੇਣੂਗੋਪਾਲ ਤੇ ਅਜੈ ਮਾਕਨ ਅਤੇ ਕੁਝ ਹੋਰ ਆਗੂਆਂ ਨੇ ਰੈਲੀ ਤੋਂ ਇੱਕ ਦਿਨ ਪਹਿਲਾਂ ਰਾਮਲੀਲਾ ਮੈਦਾਨ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੋਦੀ ਸਰਕਾਰ ਦੀਆਂ ਗਲਤ ਨੀਤੀਆਂ ਦੀ ਆਲੋਚਨਾ ਕੀਤੀ ਤੇ ਦੋਸ਼ ਲਾਇਆ ਕਿ ਕੇਂਦਰ ਸਕਰਾਰ ਵਿਧਾਇਕਾਂ ਨੂੰ ਖਰੀਦਣ ਤੇ ਵਿਰੋਧੀ ਧਿਰ ਦੀ ਅਗਵਾਈ ਹੇਠਲੀਆਂ ਸਰਕਾਰਾਂ ਨੂੰ ਡੇਗਣ ’ਚ ਰੁੱਝੀ ਹੋਈ ਹੈ। ਉਨ੍ਹਾਂ ਕਿਹਾ ਕਿ ਇੱਕ ਜ਼ਿੰਮੇਵਾਰ ਵਿਰੋਧੀ ਧਿਰ ਹੋਣ ਦੇ ਨਾਤੇ ਉਨ੍ਹਾਂ ਦੇ ਵਰਕਰ ਮਹਿੰਗਾਈ ਤੇ ਬੇਰੁਜ਼ਗਾਰੀ ਜਿਹੇ ਲੋਕ ਮੁੱਦੇ ਚੁੱਕਦੇ ਰਹਿਣਗੇ ਅਤੇ ਉਹ ਆਮ ਲੋਕਾਂ ਦੀ ਲੜਾਈ ਲਈ ਸੜਕਾਂ ’ਤੇ ਉੱਤਰਨਗੇ। ਵੇਣੂਗੋਪਾਲ ਨੇ ਕਿਹਾ, ‘ਇਹ ਸਰਕਾਰ ਪੂਰੀ ਤਰ੍ਹਾਂ ਸੰਵੇਦਨਹੀਣ ਹੈ। ਤੁਸੀਂ ਸਾਲ 2014 ਤੇ 2022 ਦੀਆਂ ਕੀਮਤਾਂ ਵਿਚਾਲੇ ਮੁਕਾਬਲਾ ਕਰ ਸਕਦੇ ਹੋ। ਤੁਸੀਂ ਦੇਖ ਸਕਦੇ ਹੋ ਕਿ ਜ਼ਰੂਰੀ ਵਸਤਾਂ ਦੀਆਂ ਕੀਮਤਾਂ ਕਿਸ ਤਰ੍ਹਾਂ ਵਧਾਈਆਂ ਗਈਆਂ ਹਨ।’ ਉਨ੍ਹਾਂ ਦੋਸ਼ ਲਾਇਆ ਕਿ ਕੇਂਦਰ ਸਰਕਾਰ ਨੂੰ ਲੋਕਾਂ ਨਾਲ ਸਬੰਧਤ ਮੁੱਦਿਆਂ ਦੀ ਕੋਈ ਫਿਕਰ ਨਹੀਂ ਹੈ ਤੇ ਇਸ ਦਾ ਇੱਕੋ-ਇੱਕ ਏਜੰਡਾ ਵਿਧਾਇਕਾਂ ਨੂੰ ਖਰੀਦਣਾ ਤੇ ਵਿਰੋਧੀ ਧਿਰ ਦੀ ਸਰਕਾਰਾਂ ਨੂੰ ਡੇਗਣਾ ਹੈ। ਕਾਂਗਰਸ ਦੇ ਜਨਰਲ ਸਕੱਤਰ ਅਜੈ ਮਾਕਨ ਨੇ ਦੋਸ਼ ਲਾਇਆ ਕਿ ਸਰਕਾਰ ਨੂੰ ਆਮ ਲੋਕਾਂ ਦੀ ਥਾਂ ਸਿਰਫ਼ ਆਪਣੇ ਕਾਰਪੋਰੇਟ ਦੋਸਤਾਂ ਦੀ ਫਿਕਰ ਹੈ। -ਪੀਟੀਆਈ