ਨਵੀਂ ਦਿੱਲੀ, 29 ਸਤੰਬਰ
ਮੁੱਖ ਅੰਸ਼
- ਕਾਂਗਰਸ ਦਾ ਕੋਈ ਪੱਕਾ ਪ੍ਰਧਾਨ ਨਾ ਹੋਣ ’ਤੇ ਫ਼ੈਸਲੇ ਲੈਣ ਦੇ ਅਧਿਕਾਰ ’ਤੇ ਉਠਾਏ ਸਵਾਲ
- ਦਿੱਲੀ ਪ੍ਰਦੇਸ਼ ਕਾਂਗਰਸ ਕਮੇਟੀ ਦੇ ਵਰਕਰਾਂ ਨੇ ਸਿੱਬਲ ਦੇ ਘਰ ਬਾਹਰ ਕੀਤਾ ਪ੍ਰਦਰਸ਼ਨ
ਕਾਂਗਰਸ ਦੇ ਕਈ ਆਗੂਆਂ ਵੱਲੋਂ ਪਾਰਟੀ ਛੱਡਣ ਅਤੇ ਪੰਜਾਬ ਇਕਾਈ ’ਚ ਚੱਲ ਰਹੇ ਘਮਸਾਣ ਦਰਮਿਆਨ ਸੀਨੀਅਰ ਆਗੂ ਕਪਿਲ ਸਿੱਬਲ ਨੇ ਅੱਜ ਮੰਗ ਕੀਤੀ ਕਿ ਕਾਂਗਰਸ ਵਰਕਿੰਗ ਕਮੇਟੀ ਦੀ ਤੁਰੰਤ ਮੀਟਿੰਗ ਸੱਦੀ ਜਾਵੇ। ਉਨ੍ਹਾਂ ਹੈਰਾਨੀ ਪ੍ਰਗਟਾਈ ਕਿ ਕਾਂਗਰਸ ਦਾ ਕੋਈ ਪੱਕਾ ਪ੍ਰਧਾਨ ਨਾ ਹੋਣ ’ਤੇ ਪਾਰਟੀ ’ਚ ਫ਼ੈਸਲੇ ਕੌਣ ਲੈ ਰਿਹਾ ਹੈ। ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਗਰੁੱਪ-23 ਦੇ ਸੀਨੀਅਰ ਮੈਂਬਰ ਗੁਲਾਮ ਨਬੀ ਆਜ਼ਾਦ ਨੇ ਪਾਰਟੀ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨੂੰ ਚਿੱਠ ਲਿਖ ਕੇ ਕਾਂਗਰਸ ਵਰਕਿੰਗ ਕਮੇਟੀ ਦੀ ਫੌਰੀ ਮੀਟਿੰਗ ਸੱਦਣ ਦੀ ਮੰਗ ਕੀਤੀ ਹੈ ਤਾਂ ਜੋ ਪਾਰਟੀ ਮਾਮਲਿਆਂ ਅਤੇ ਆਗੂਆਂ ਵੱਲੋ ਪਾਰਟੀ ਛੱਡਣ ਬਾਰੇ ਵਿਚਾਰ ਵਟਾਂਦਰਾ ਕੀਤਾ ਜਾ ਸਕੇ। ਸਿੱਬਲ ਨੇ ਕਿਹਾ,‘‘ਸਾਡਾ ਗਰੁੱਪ ਕੋਈ ਜੀ ਹਜ਼ੂਰੀ ਵਾਲੇ 23 ਮੈਂਬਰਾਂ ਦਾ ਧੜਾ ਨਹੀਂ ਹੈ ਅਤੇ ਅਸੀਂ ਆਪਣੇ ਵਿਚਾਰ ਅਤੇ ਮੰਗਾਂ ਲਗਾਤਾਰ ਦੁਹਰਾਉਂਦੇ ਰਹਾਂਗੇ।’’ ਉਨ੍ਹਾਂ ਕਿਹਾ ਕਿ ਕਾਂਗਰਸ ਨੂੰ ਮਜ਼ਬੂਤ ਵਿਰੋਧੀ ਧਿਰ ਬਣਨ ਦੀ ਲੋੜ ਹੈ ਜੋ ਸਰਕਾਰ ਨਾਲ ਟੱਕਰ ਲਵੇ। ਉਨ੍ਹਾਂ ਗਰੁੱਪ ਦੀ ਮੰਗ ਨੂੰ ਦੁਹਰਾਇਆ ਕਿ ਕਾਂਗਰਸ ਪ੍ਰਧਾਨ, ਸੀਡਬਲਿਊਸੀ ਅਤੇ ਕੇਂਦਰੀ ਚੋਣ ਕਮੇਟੀ ਦੀਆਂ ਚੋਣਾਂ ਕਰਵਾਈਆਂ ਜਾਣ। ਸਿੱਬਲ ਨੇ ਪੰਜਾਬ ’ਚ ਪਾਰਟੀ ਅੰਦਰ ਚੱਲ ਰਹੇ ਘਮਸਾਣ ’ਤੇ ਨਾਰਾਜ਼ਗੀ ਜਤਾਉਂਦਿਆਂ ਕਿਹਾ ਕਿ ਅਜਿਹੇ ਮੁੱਦਿਆਂ ਨੂੰ ਪਾਰਟੀ ਪਲੈਟਫਾਰਮ ’ਤੇ ਵਿਚਾਰੇ ਜਾਣ ਦੀ ਲੋੜ ਹੈ। ਉਨ੍ਹਾਂ ਮਹਾਤਮਾ ਗਾਂਧੀ ਦੇ ਬਿਆਨ ਦਾ ਜ਼ਿਕਰ ਕਰਦਿਆਂ ਕਿਹਾ,‘‘ਸਾਡੇ ਨਜ਼ਰੀਏ ਨੂੰ ਵੀ ਸੁਣਿਆ ਜਾਵੇ। ਜੇਕਰ ਤੁਸੀਂ ਇਸ ਨੂੰ ਨਹੀਂ ਮੰਨਦੇ ਹੋ ਤਾਂ ਵੀ ਸੁਣੋ ਤਾਂ ਸਹੀ। ਅਸੀਂ ਤੁਹਾਡੇ ਨਜ਼ਰੀਏ ਦਾ ਸਤਿਕਾਰ ਕਰਦੇ ਹਾਂ ਪਰ ਸਾਡੇ ਨਜ਼ਰੀਏ ਨੂੰ ਵੀ ਆਦਰ ਦੇਵੋ। ਕਿਸੇ ਦਾ ਕੋਈ ਅਖ਼ਿਤਆਰ ਨਹੀਂ ਹੈ ਅਤੇ ਗੱਲਬਾਤ ਕਰਨ ਦੀ ਇਜਾਜ਼ਤ ਦੇਵੋ। ਕਿਸੇ ਵੀ ਮੁਲਕ ਜਾਂ ਪਾਰਟੀ ’ਚ ਕਿਸੇ ਦਾ ਏਕਾਧਿਕਾਰ ਨਹੀਂ ਹੋਣਾ ਚਾਹੀਦਾ ਹੈ।’’ ਉਨ੍ਹਾਂ ਕਿਹਾ ਕਿ ਉਹ ਕਾਂਗਰਸ ਦੀ ਵਿਚਾਰਧਾਰਾ ਨੂੰ ਛੱਡ ਕੇ ਕਿਤੇ ਜਾਣ ਵਾਲਿਆਂ ’ਚੋਂ ਨਹੀਂ ਹਨ ਪਰ ਜਿਹੜੇ ਪਾਰਟੀ ਲੀਡਰਸ਼ਿਪ ਦੇ ਬਹੁਤੇ ਨੇੜੇ ਸਮਝੇ ਜਾਂਦੇ ਸਨ, ਉਹ ਉਨ੍ਹਾਂ ਨੂੰ ਛੱਡ ਕੇ ਚਲੇ ਗਏ ਪਰ ਜਿਨ੍ਹਾਂ ਨੂੰ ਉਹ ਆਪਣੇ ਨਾਲ ਨਹੀਂ ਸਮਝਦੇ ਸਨ, ਉਹ ਅਜੇ ਵੀ ਨਾਲ ਡਟੇ ਹੋਏ ਹਨ। ‘ਅਜਿਹੇ ਹਾਲਾਤ ’ਚ ਹਰੇਕ ਕਾਂਗਰਸੀ ਨੂੰ ਸੋਚਣਾ ਚਾਹੀਦਾ ਹੈ ਕਿ ਉਹ ਪਾਰਟੀ ਨੂੰ ਅੱਗੇ ਕਿਵੇਂ ਲਿਜਾ ਸਕਦੇ ਹਨ ਅਤੇ ਉਸ ਨੂੰ ਮਜ਼ਬੂਤ ਕਿਵੇਂ ਬਣਾਇਆ ਜਾ ਸਕਦਾ ਹੈ। ਜਿਹੜੇ ਪਾਰਟੀ ਛੱਡ ਗਏ ਹਨ, ਉਨ੍ਹਾਂ ਨੂੰ ਵਾਪਸ ਆਉਣਾ ਚਾਹੀਦਾ ਹੈ ਕਿਉਂਕਿ ਕਾਂਗਰਸ ਹੀ ਇਕੋ ਇਕ ਵਿਚਾਰਧਾਰਾ ਹੈ ਜੋ ਟਿਕੀ ਰਹਿ ਸਕਦੀ ਹੈ।
ਗਣਤੰਤਰ ਨੂੰ ਇਕੱਲਿਆਂ ਕਾਂਗਰਸ ਹੀ ਬਚਾ ਸਕਦੀ ਹੈ ਕਿਉਂਕਿ ਮੌਜੂਦਾ ਸਰਕਾਰ ਸਾਡੇ ਗਣਤੰਤਰ ਦੀ ਬੁਨਿਆਦ ਨੂੰ ਨਸ਼ਟ ਕਰ ਰਹੀ ਹੈ।’ ਸਿੱਬਲ ਨੇ ਕਿਹਾ ਕਿ ਜੋ ਕੁਝ ਪੰਜਾਬ ਕਾਂਗਰਸ ’ਚ ਵਾਪਰ ਰਿਹਾ ਹੈ, ਉਸ ਨਾਲ ਪਾਕਿਸਤਾਨ ਅਤੇ ਆਈਐੱਸਆਈ ਨੂੰ ਲਾਹਾ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਹਰ ਕੋਈ ਪੰਜਾਬ ਦੇ ਇਤਿਹਾਸ ਅਤੇ ਖਾੜਕੂਵਾਦ ਦੇ ਪੈਦਾ ਹੋਣ ਬਾਰੇ ਜਾਣਦਾ ਹੈ ਅਤੇ ਕਿਵੇਂ ਸਰਹੱਦ ਪਾਰੋਂ ਤਾਕਤਾਂ ਨੇ ਸੂਬੇ ’ਚ ਦੁਬਿਧਾ ਦਾ ਮਾਹੌਲ ਪੈਦਾ ਕੀਤਾ ਸੀ। ਉਨ੍ਹਾਂ ਕਿਹਾ ਕਿ ਇਹ ਤਾਕਤਾਂ ਦੇਸ਼ ਲਈ ਵੱਡਾ ਖ਼ਤਰਾ ਹਨ ਅਤੇ ਕਾਂਗਰਸ ਨੂੰ ਇਹ ਯਕੀਨੀ ਬਣਾਉਣ ਚਾਹੀਦਾ ਹੈ ਕਿ ਉਹ ਇਕਜੁੱਟ ਰਹੇ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਨੂੰ ਕੋਈ ਦਿੱਕਤ ਹੈ ਤਾਂ ਉਸ ਨੂੰ ਪਾਰਟੀ ਦੇ ਸਭ ਤੋਂ ਸੀਨੀਅਰ ਮੈਂਬਰ ਨਾਲ ਗੱਲਬਾਤ ਕਰਨੀ ਚਾਹੀਦੀ ਹੈ। -ਪੀਟੀਆਈ