ਉਦੈਪੁਰ, 15 ਮਈ
ਕਾਂਗਰਸ ਨੇ ਅੱਜ ਸੰਗਠਨ ‘ਚ ਕਈ ਵੱਡੇ ਸੁਧਾਰ ਕਰਨ ਦਾ ਫੈਸਲਾ ਕੀਤਾ ਹੈ, ਜਿਸ ‘ਚ ‘ਇਕ ਪਰਿਵਾਰ, ਇਕ ਟਿਕਟ’ ਦੀ ਵਿਵਸਥਾ ਸਭ ਤੋਂ ਪ੍ਰਮੁੱਖ ਹੈ। ਇਸ ਨਾਲ ਸ਼ਰਤ ਹੈ ਕਿ ਪਰਿਵਾਰ ‘ਚੋਂ ਕਿਸੇ ਹੋਰ ਵਿਅਕਤੀ ਨੂੰ ਟਿਕਟ ਤਾਂ ਹੀ ਮਿਲੇਗੀ, ਜਦੋਂ ਉਹ ਸੰਗਠਨ ਲਈ ਘੱਟੋ-ਘੱਟ ਪੰਜ ਸਾਲ ਕੰਮ ਕਰੇਗਾ। ਪਾਰਟੀ ਨੇ ਸੰਗਠਨ ਵਿਚ ਹਰ ਪੱਧਰ ‘ਤੇ 50 ਸਾਲ ਤੋਂ ਘੱਟ ਉਮਰ ਦੇ ਲੋਕਾਂ ਨੂੰ 50 ਫੀਸਦੀ ਨੁਮਾਇੰਦਗੀ, ਅਨੁਸੂਚਿਤ ਜਾਤੀਆਂ, ਅਨੁਸੂਚਿਤ ਕਬੀਲਿਆਂ, ਹੋਰ ਪਛੜੀਆਂ ਸ਼੍ਰੇਣੀਆਂ (ਓਬੀਸੀ) ਅਤੇ ਘੱਟ ਗਿਣਤੀਆਂ ਨੂੰ ਤਰਕਸੰਗਤ ਪ੍ਰਤੀਨਿਧਤਾ ਅਤੇ ਸਿਆਸੀ ਮਾਮਲਿਆਂ ਦੀ ਕਮੇਟੀ (ਪੀਏਸੀ) ਨੂੰ ਰਾਜ ਪੱਧਰ ‘ਤੇ ਵੀ ਬਣਾਉਣ ਦਾ ਫੈਸਲਾ ਕੀਤਾ ਹੈ। ਪਾਰਟੀ ਦੀਆਂ ਛੇ ਤਾਲਮੇਲ ਕਮੇਟੀਆਂ ਦੀਆਂ ਸਿਫ਼ਾਰਸ਼ਾਂ ਦੇ ਆਧਾਰ ‘ਤੇ ਕਾਂਗਰਸ ਨੇ ‘ਉਦੈਪੁਰ ਨਵਸੰਕਲਪ’ ਜਾਰੀ ਕੀਤਾ ਹੈ। ਕਾਂਗਰਸ ਨੇ ‘ਜਨ ਦ੍ਰਿਸਟੀਕੋਣ, ਚੋਣ ਪ੍ਰਬੰਧਨ ਤੇ ਰਾਸ਼ਟਰੀ ਸਿਖਲਾਈ ਵਿਭਾਗ ਬਣਾਉਣ ਦਾ ਫ਼ੈਸਲਾ ਕੀਤਾ ਹੈ। ਇਸ ਤੋਂ ਪਹਿਲਾਂ ਕਾਂਗਰਸ ਦੀ ਨੀਤੀ ਬਣਾਉਣ ਵਾਲੀ ਸਿਖਰਲੀ ਸੰਸਥਾ ਕਾਂਗਰਸ ਵਰਕਿੰਗ ਕਮੇਟੀ (ਸੀਡਬਲਿਊਸੀ) ਦੀ ਮੀਟਿੰਗ ਐਤਵਾਰ ਨੂੰ ਇੱਥੇ ਹੋਈ, ਜਿਸ ਵਿੱਚ ਚਿੰਤਨ ਕੈਂਪ ’ਚ ਲਈ ਬਣਾਈਆਂ ਛੇ ਤਾਲਮੇਲ ਕਮੇਟੀਆਂ ਦੀਆਂ ਸਿਫ਼ਾਰਸ਼ਾਂ ‘ਤੇ ਅੰਤਿਮ ਫੈਸਲਾ ਕੀਤਾ। ਇਸ ਦੌਰਾਨ ‘ਨਵਸੰਕਲਪ’ ਦੇ ਖਰੜੇ ਨੂੰ ਪ੍ਰਵਾਨਗੀ ਦਿੱਤੀ। ਪਾਰਟੀ ਪ੍ਰਧਾਨ ਸੋਨੀਆ ਗਾਂਧੀ ਨੇ ‘ਨਵਸੰਕਲਪ ਚਿੰਤਨ ਕੈਂਪ’ ਤੋਂ ਪਹਿਲਾਂ ਰਾਜਨੀਤੀ, ਸਮਾਜਿਕ ਨਿਆਂ ਅਤੇ ਸਸ਼ਕਤੀਕਰਨ, ਆਰਥਿਕਤਾ, ਸੰਗਠਨ, ਕਿਸਾਨ ਅਤੇ ਖੇਤੀਬਾੜੀ ਅਤੇ ਨੌਜਵਾਨਾਂ ਨਾਲ ਸਬੰਧਤ ਤਾਲਮੇਲ ਕਮੇਟੀਆਂ ਕਾਇਮ ਕੀਤੀਆਂ ਸਨ। ਇਨ੍ਹਾਂ ਕਮੇਟੀਆਂ ਦੀਆਂ ਵੱਖ-ਵੱਖ ਮੀਟਿੰਗਾਂ ਵਿੱਚ ਦੋ ਦਿਨਾਂ ਵਿੱਚ 400 ਤੋਂ ਵੱਧ ਆਗੂਆਂ ਨੇ ਡੂੰਘਾਈ ਨਾਲ ਵਿਚਾਰ-ਵਟਾਂਦਰਾ ਕੀਤਾ ਅਤੇ ਪਾਰਟੀ ਦੇ ਸੰਗਠਨ ਵਿੱਚ ਸੁਧਾਰਾਂ ਅਤੇ ਹੋਰ ਕਈ ਵਿਸ਼ਿਆਂ ’ਤੇ ਸੁਝਾਅ ਦਿੱਤੇ। ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਸਿਆਸੀ ਮਾਮਲਿਆਂ ਬਾਰੇ ਤਾਲਮੇਲ ਕਮੇਟੀ ਦੇ ਕਨਵੀਨਰ ਮਲਿਕਾਰਜੁਨ ਖੜਗੇ, ਸਮਾਜਿਕ ਨਿਆਂ ਬਾਰੇ ਤਾਲਮੇਲ ਕਮੇਟੀ ਦੇ ਕੋਆਰਡੀਨੇਟਰ ਸਲਮਾਨ ਖੁਰਸ਼ੀਦ, ਸੰਗਠਨ ਤਾਲਮੇਲ ਕਮੇਟੀ ਦੇ ਕੋਆਰਡੀਨੇਟਰ ਮੁਕੁਲ ਵਾਸਨਿਕ, ਖੇਤੀਬਾੜੀ ਤਾਲਮੇਲ ਕਮੇਟੀ ਦੇ ਕੋਆਰਡੀਨੇਟਰ ਭੁਪਿੰਦਰ ਸਿੰਘ ਹੁੱਡਾ, ਆਰਥਿਕ ਮਾਮਲਿਆਂ ਦੀ ਤਾਲਮੇਲ ਕਮੇਟੀ ਦੇ ਮੁਖੀ ਪੀ. ਚਿਦੰਬਰਮ ਅਤੇ ਨੌਜਵਾਨਾਂ ਬਾਰੇ ਮਾਮਲਿਆਂ ਬਾਰੇ ਕਮੇਟੀ ਦੇ ਕਨਵੀਨਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸ੍ਰੀਮਤੀ ਸੋਨੀਆ ਗਾਂਧੀ ਨੂੰ ਆਪਣੀਆਂ-ਆਪਣੀਆਂ ਸਿਫ਼ਾਰਸ਼ਾਂ ਸੌਂਪੀਆਂ।