ਮੁੰਬਈ, 7 ਫਰਵਰੀ
ਕਾਂਗਰਸੀ ਵਰਕਰਾਂ ਨੇ ਅੱਜ ਇੱਥੇ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੂੰ ਕਾਲੀਆਂ ਝੰਡੀਆਂ ਦਿਖਾ ਕੇ 2021-22 ਦੇ ਕੇਂਦਰੀ ਬਜਟ ਅਤੇ ਤੇਲ ਕੀਮਤਾਂ ’ਚ ਵਾਧੇ ਖ਼ਿਲਾਫ਼ ਮੁਜ਼ਾਹਰਾ ਕੀਤਾ। ਇੱਕ ਪੁਲੀਸ ਅਧਿਕਾਰੀ ਨੇ ਦੱਸਿਆ ਹਾਲਾਂਕਿ ਪੁਲੀਸ ਵੱਲੋਂ ਮੁਜ਼ਾਹਰਾਕਾਰੀਆਂ ਨੂੰ ਵਿੱਤ ਮੰਤਰੀ ਦੇ ਦੌਰੇ ਵਾਲੇ ਸਥਾਨ ਦੇ ਨੇੜੇ ਜਾਣ ਤੋਂ ਰੋਕ ਦਿੱਤਾ ਗਿਆ।
ਅਧਿਕਾਰੀ ਨੇ ਦੱਸਿਆ ਕਿ ਜਿਉਂ ਹੀ ਕੇਂਦਰੀ ਮੰਤਰੀ ਪਿਛਲੇ ਹਫ਼ਤੇ ਪੇਸ਼ ਬਜਟ ’ਤੇ ਚਰਚਾ ਲਈ ਦਾਦਰ ਖੇਤਰ ਦੇ ਯੋਗੀ ਸਭਾ ਗ੍ਰਹਿ ਪਹੁੰਚੀ ਤਾਂ ਲੱਗਪਗ ਚਾਰ-ਪੰਜ ਸੌ ਕਾਂਗਰਸੀ ਵਰਕਰਾਂ ਨੇ ਉਨ੍ਹਾਂ ਖ਼ਿਲਾਫ਼ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਉਨ੍ਹਾਂ ਮੁਤਾਬਕ ਮੁਜ਼ਾਹਰਾਕਾਰੀ ਤੜਕੇ ਤੋਂ ਹੀ ਦਾਦਰ ਰੇਲਵੇ ਸਟੇਸ਼ਨ ਦੇ ਬਾਹਰ ਇਕੱਠੇ ਹੋਣੇ ਸ਼ੁਰੂ ਹੋ ਗਏ ਸਨ। ਉਨ੍ਹਾਂ ਨੇ ਪੈਟਰੋਲ, ਡੀਜ਼ਲ, ਰਸੋਈ ਗੈਸ ਵਰਗੀਆਂ ਜ਼ਰੂਰੀ ਵਸਤਾਂ ਦੇ ਨਾਲ-ਨਾਲ ਰੇਲਵੇ ਕਿਰਾਇਆਂ ’ਚ ਵਾਧੇ ਖ਼ਿਲਾਫ਼ ਵੀ ਨਾਅਰੇਬਾਜ਼ੀ ਕੀਤੀ। ਡੀਸੀਪੀ (ਜ਼ੋਨ-4) ਵਿਜੈ ਪਟੇਲ ਨੇ ਕਿਹਾ, ‘ਮੁਜ਼ਾਹਰਾ ਸ਼ਾਂਤੀਪੂਰਨ ਰਿਹਾ। ਕਿਸੇ ਵੀ ਅਣਸੁਖਾਵੀਂ ਘਟਨਾ ਦੀ ਰਿਪੋਰਟ ਨਹੀਂ ਮਿਲੀ। ਕਿਸੇ ਨੂੰ ਵੀ ਹਿਰਾਸਤ ’ਚ ਨਹੀਂ ਲਿਆ ਗਿਆ ਅਤੇ ਨਾ ਹੀ ਕੋਈ ਐੱਫਆਈਆਰ ਦਰਜ ਕੀਤੀ ਗਈ ਹੈ।’
ਮੁੰਬਈ ਮਹਿਲਾ ਕਾਂਗਰਸ ਦੀ ਜਨਰਲ ਸਕੱਤਰ ਸਨਾ ਕੁਰੈਸ਼ੀ ਨੇ ਦਾਅਵਾ ਕੀਤਾ ਕਿ ਕਰੋਨਾ ਮਹਾਮਾਰੀ ਦੇ ਚੱਲਦਿਆਂ ਆਮ ਤੇ ਗਰੀਬ ਲੋਕਾਂ ਦਾ ਰੁਜ਼ਗਾਰ ਖੁੱਸ ਰਿਹਾ ਹੈ। ਉਨ੍ਹਾਂ ਕਿਹਾ, ‘ਹੁਣ ਜ਼ਰੂਰੀ ਵਸਤਾਂ ਦੀ ਕੀਮਤਾਂ ’ਚ ਵਾਧਾ ਆਮ ਲੋਕਾਂ ਦਾ ਲੱਕ ਤੋੜ ਦੇਵੇਗਾ। ਬਜਟ ਨੇ ਆਮ ਆਦਮੀ ਨੂੰ ਕੋਈ ਰਾਹਤ ਨਹੀਂ ਦਿੱਤੀ ਹੈ।’ ਉਨ੍ਹਾਂ ਕਿਹਾ ਕਿ ਇਸੇ ਕਰਕੇ ਕਾਂਗਰਸੀ ਵਰਕਰਾਂ ਨੇ ਪੈਟਰੋਲ, ਡੀਜ਼ਲ ਤੇ ਰਸੋਈ ਗੈਸ ਦੀਆਂ ਵਧ ਰਹੀਆਂ ਕੀਮਤਾਂ ਖ਼ਿਲਾਫ਼ ਪ੍ਰਦਰਸ਼ਨ ਕੀਤਾ। ਦੌਰੇ ਦੌਰਾਨ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਮੁੰਬਈ ਵਿੱਚ ਮਹੇਸ਼ਵਰੀ ਉਦਯਾਨ ਸਰਕਲ ਵੀ ਗਏ, ਜਿੱਥੇ ਭਾਜਪਾ ਮਹਿਲਾ ਮੋਰਚਾ ਦੀਆਂ ਮਹਿਲਾਵਾਂ ਨੇ ਉਨ੍ਹਾਂ ਦਾ ਸਵਾਗਤ ਕੀਤਾ। ਵਿੱਤ ਮੰਤਰੀ ਨੇ ਮਹਿਲਾ ਵਰਕਰਾਂ ਨਾਲ ਗੱਲਬਾਤ ਵੀ ਕੀਤੀ। -ਪੀਟੀਆਈ