ਨਵੀਂ ਦਿੱਲੀ, 8 ਮਈ
ਘਰੇਲੂ ਰਸੋਈ ਗੈਸ ਦੀਆਂ ਕੀਮਤਾਂ ਵਿੱਚ ਵਾਧੇ ਦੇ ਮੁੱਦੇ ਨੂੰ ਲੈ ਕੇ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਅੱਜ ਕੇਂਦਰ ’ਤੇ ਹਮਲਾ ਤੇਜ਼ ਕਰਦਿਆਂ ਕਿਹਾ ਕਿ ਸਿਰਫ਼ ਉਨ੍ਹਾਂ ਦੀ ਪਾਰਟੀ ਹੀ ਗ਼ਰੀਬ ਅਤੇ ਮੱਧ ਵਰਗ ਪਰਿਵਾਰਾਂ ਦੀ ਭਲਾਈ ਲਈ ਕੰਮ ਕਰਦੀ ਹੈ। ਜ਼ਿਕਰਯੋਗ ਹੈ ਕਿ ਰਸੋਈ ਗੈਸ ਸਿਲੰਡਰ ਦੀ ਕੀਮਤ ਸ਼ਨਿਚਰਵਾਰ ਨੂੰ 50 ਰੁਪਏ ਵਧ ਗਈ ਹੈ। ਬੀਤੇ ਛੇ ਹਫ਼ਤਿਆਂ ਤੋਂ ਵੱਧ ਸਮੇਂ ਵਿੱਚ ਘਰੇਲੂ ਗੈਸ ਸਿਲੰਡਰ ਦੀ ਕੀਮਤ ਦੂਜੀ ਵਾਰ ਵਧਾਈ ਗਈ ਹੈ। ਕੌਮੀ ਰਾਜਧਾਨੀ ਵਿੱਚ ਗ਼ੈਰ-ਸਬਸਿਡੀ ਵਾਲੇ ਐੱਲਪੀਜੀ ਸਿਲੰਡਰ ਦੀ ਕੀਮਤ 949.50 ਰੁਪਏ ਤੋਂ ਵੱਧ ਕੇ ਹੁਣ 999.50 ਰੁਪਏ ਪ੍ਰਤੀ 14.2 ਕਿਲੋਗ੍ਰਾਮ ਹੋ ਗਈ ਹੈ। ਰਾਹੁਲ ਨੇ ਰਸੋਈ ਗੈਸ ਦੇ ਸਿਲੰਡਰਾਂ ਦੀ ਇੱਕ ਟਵੀਟ ਵਿੱਚ ਤੁਲਨਾ ਕੀਤੀ ਹੈ। ਉਨ੍ਹਾਂ ਕਿਹਾ ਕਿ ਸਾਲ 2014 ਵਿੱਚ ਕਾਂਗਰਸ ਦੀ ਅਗਵਾਈ ਵਾਲੀ ਸਰਕਾਰ ਵਿੱਚ ਐੱਲਪੀਜੀ ਸਿਲੰਡਰ ਦੀ ਕੀਮਤ 827 ਰੁਪਏ ਦੀ ਸਬਸਿਡੀ ਨਾਲ 410 ਰੁਪਏ ਸੀ, ਜਦੋਂਕਿ ਹੁਣ 2022 ਵਿੱਚ ਭਾਜਪਾ ਸਰਕਾਰ ਮੌਕੇ ਇਸ ਦੀ ਕੀਮਤ 999 ਰੁਪਏ ਤੋਂ ਵੱਧ ਹੈ ਅਤੇ ਇਸ ’ਤੇ ਕੋਈ ਸਬਸਿਡੀ ਵੀ ਨਹੀਂ ਦਿੱਤੀ ਜਾ ਰਹੀ। ਰਾਹੁਲ ਨੇ ਕਿਹਾ, ‘‘ਉਦੋਂ ਦੇ ਦੋ ਸਿਲੰਡਰਾਂ ਦੀ ਕੀਮਤ ਦੇ ਬਰਾਬਰ ਅੱਜ ਇੱਕ ਸਿਲੰਡਰ ਦੀ ਕੀਮਤ ਹੈ। ਸਿਰਫ਼ ਕਾਂਗਰਸ ਹੀ ਗ਼ਰੀਬ ਤੇ ਮੱਧ ਵਰਗ ਭਾਰਤੀ ਪਰਿਵਾਰਾਂ ਦੀ ਭਲਾਈ ਲਈ ਕੰਮ ਕਰਦੀ ਹੈ।’’ -ਪੀਟੀਆਈ
ਆਜ਼ਮ ਖ਼ਾਨ ਨੂੰ ਕਾਂਗਰਸ ਵਿੱਚ ਸ਼ਾਮਲ ਹੋਣ ਦਾ ਸੱਦਾ
ਪ੍ਰਯਾਗਰਾਜ (ਯੂਪੀ): ਏਆਈਐੱਮਆਈਐੱਮ ਮਗਰੋਂ ਹੁਣ ਕਾਂਗਰਸ ਦੇ ਇੱਕ ਆਗੂ ਨੇ ਸਮਾਜਵਾਦੀ ਪਾਰਟੀ ਦੇ ਵਿਧਾਇਕ ਮੁਹੰਮਦ ਆਜ਼ਮ ਖ਼ਾਨ ਨੂੰ ਪਾਰਟੀ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੈ। ਕਾਂਗਰਸੀ ਆਗੂ ਇਰਸ਼ਾਦ ਉੱਲ੍ਹਾ ਨੇ ਪ੍ਰਯਾਗਰਾਜ ਵਿੱਚ ਪੋਸਟਰ ਲਗਾ ਕੇ ਆਜ਼ਮ ਖ਼ਾਨ ਨੂੰ ਇਹ ਯਕੀਨ ਦਿਵਾਇਆ ਹੈ ਕਿ ਪਾਰਟੀ ਵਿੱਚ ਉਨ੍ਹਾਂ ਨੂੰ ਉਹ ਸਨਮਾਨ ਮਿਲੇਗਾ, ਜਿਸ ਦੇ ਉਹ ਹੱਕਦਾਰ ਹਨ। ਪੋਸਟਰ ’ਤੇ ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ, ਆਜ਼ਮ ਖ਼ਾਨ ਅਤੇ ਪਾਰਟੀ ਆਗੂ ਅਚਾਰੀਆ ਪ੍ਰਮੋਦ ਕ੍ਰਿਸ਼ਨਮ ਦੀਆਂ ਤਸਵੀਰਾਂ ਹਨ। ਕਾਂਗਰਸ ਨੇ ਇਸ ਸਬੰਧੀ ਇਰਸ਼ਾਦ ਤੋਂ ਸਪਸ਼ਟੀਕਰਨ ਮੰਗਿਆ ਹੈ। ਕਾਂਗਰਸ ਦੇ ਪ੍ਰਯਾਗਰਾਜ ਜ਼ਿਲ੍ਹੇ ਦੇ ਬੁਲਾਰੇ ਹਸੀਬ ਅਹਿਮਦ ਨੇ ਕਿਹਾ ਕਿ ਇਰਸ਼ਾਦ ਨੂੰ ਇਸ ਸਬੰਧੀ ਸਪੱਸ਼ਟੀਕਰਨ ਦੇਣ ਲਈ ਕਿਹਾ ਗਿਆ ਹੈ। ਉਨ੍ਹਾਂ ਕਿਹਾ, ‘‘ਇਹ ਕਾਰਵਾਈ ਅਨੁਸ਼ਾਸਨਹੀਣਤਾ ਹੈ ਕਿਉਂਕਿ ਪਾਰਟੀ ਨੇ ਆਜ਼ਮ ਖ਼ਾਨ ਬਾਰੇ ਕੋਈ ਅਧਿਕਾਰਿਤ ਰੁਖ਼ ਨਹੀਂ ਅਪਣਾਇਆ।’’ ਸਪਾ ਵਿਧਾਇਕ ਆਜ਼ਮ ਖ਼ਾਨ 87 ਤੋਂ ਵੱਧ ਕੇਸਾਂ ਵਿੱਚ ਫਰਵਰੀ 2020 ਤੋਂ ਸੀਤਾਪੁਰ ਜੇਲ੍ਹ ਵਿੱਚ ਬੰਦ ਹਨ। ਉਨ੍ਹਾਂ ਨੂੰ 86 ਕੇਸਾਂ ਵਿੱਚ ਜ਼ਮਾਨਤ ਮਿਲ ਚੁੱਕੀ ਹੈ ਅਤੇ ਅਲਾਹਾਬਾਦ ਹਾਈ ਕੋਰਟ ਨੇ ਇੱਕ ਮਾਮਲਾ ਸੁਰੱਖਿਅਤ ਰੱਖਿਆ ਹੋਇਆ ਹੈ। ਸੁਪਰੀਮ ਕੋਰਟ ਨੇ ਬੀਤੇ ਹਫ਼ਤੇ ਇਸ ਕੇਸ ਦਾ ਫ਼ੈਸਲਾ ਸੁਣਾਉਣ ਵਿੱਚ ਹੋ ਰਹੀ ਬੇਲੋੜੀ ਦੇਰੀ ਦਾ ਸਖ਼ਤ ਨੋਟਿਸ ਲਿਆ ਸੀ। ਹਾਲਾਂਕਿ ਉਤਰ ਪ੍ਰਦੇਸ਼ ਸਰਕਾਰ ਨੇ ਆਜ਼ਮ ਖ਼ਾਨ ਖਿਲਾਫ਼ ਰਾਮਪੁਰ ਵਿੱਚ ਵੀ ਇੱਕ ਹੋਰ ਕੇਸ ਦਰਜ ਕੀਤਾ ਹੈ। -ਆਈਏਐੱਨਐੱਸ