ਲੇਹ, 17 ਸਤੰਬਰ
ਕਾਂਗਰਸ ਨੇ ਅੱਜ ਭਾਜਪਾ ਦੀ ਅਗਵਾਈ ਵਾਲੀ ਲੱਦਾਖ ਖੁਦਮੁਖਤਿਆਰ ਪਹਾੜੀ ਵਿਕਾਸ ਕੌਂਸਲ (ਐੱਲਏਐੱਚਡੀਸੀ) ਵਿੱਚ ਤਿਮਿਸਗਾਮ ਸੀਟ ਬਰਕਰਾਰ ਰੱਖੀ ਹੈ। ਕਾਂਗਰਸ ਦੇ ਤਾਸ਼ੀ ਟੁੰਡਪ ਨੇ 22-ਤਿਮਿਸਗਾਮ ਹਲਕੇ ਦੀ ਜ਼ਿਮਨੀ ਚੋਣ ਵਿੱਚ ਭਾਜਪਾ ਦੇ ਉਮੀਦਵਾਰ ਨੂੰ 273 ਵੋਟਾਂ ਨਾਲ ਹਰਾਇਆ। ਅਧਿਕਾਰੀਆਂ ਨੇ ਦੱਸਿਆ ਕਿ ਭਾਜਪਾ ਦੇ ਦੋਰਜੇ ਨਾਮਗਿਆਲ ਨੂੰ 588 ਅਤੇ ਕਾਂਗਰਸ ਉਮੀਦਵਾਰ ਨੂੰ 861 ਵੋਟਾਂ ਪਈਆਂ। ਉਧਰ, ਸੀਨੀਅਰ ਕਾਂਗਰਸੀ ਆਗੂ ਜੈਰਾਮ ਰਮੇਸ਼ ਨੇ ਇਸ ਜਿੱਤ ’ਤੇ ਲੱਦਾਖ ਦੀ ਕਾਂਗਰਸ ਕਮੇਟੀ ਨੂੰ ਵਧਾਈ ਦਿੱਤੀ ਅਤੇ ਭਾਜਪਾ ਦੀ ਕੇਂਦਰੀ ਲੀਡਰਸ਼ਿੱਪ ਅਤੇ ਹਾਲ ਹੀ ਵਿੱਚ ਆਪਣੀ ਪੁਰਾਣੀ ਪਾਰਟੀ ਨੂੰ ਛੱਡਣ ਵਾਲੇ ਗ਼ੁਲਾਮ ਨਬੀ ਆਜ਼ਾਦ ’ਤੇ ਤਨਜ ਕਸਿਆ। ਉਨ੍ਹਾਂ ਟਵੀਟ ਕੀਤਾ, ‘‘ਮੋਦੀ, ਸ਼ਾਹ ਤੇ ਆਜ਼ਾਦ ਲਈ ਤਾਜ਼ੀ ਖ਼ਬਰ। ਲੱਦਾਖ ਪਹਾੜੀ ਕੌਂਸਲ ਦੀ ਤਿਮਿਸਗਾਮ ਜ਼ਿਮਨੀ ਚੋਣ ਵਿੱਚ ਕਾਂਗਰਸ ਪਾਰਟੀ ਨੇ ਭਾਜਪਾ ਨੂੰ ਵੱਡੇ ਫ਼ਰਕ ਨਾਲ ਹਰਾਇਆ। ਲੱਦਾਖ ਜ਼ਿਲ੍ਹਾ ਕਾਂਗਰਸ ਕਮੇਟੀ ਨੂੰ ਵਧਾਈਆਂ।’’ -ਪੀਟੀਆਈ