ਨਵੀਂ ਦਿੱਲੀ, 7 ਮਈ
ਕਾਂਗਰਸ ਵੱਲੋਂ ਰਾਸ਼ਟਰਪਤੀ ਚੋਣਾਂ ਬਾਰੇ ਉਦੈਪੁਰ ’ਚ ਅਗਲੇ ਹਫ਼ਤੇ ਲਾਏ ਜਾਣ ਵਾਲੇ ਚਿੰਤਨ ਸ਼ਿਵਿਰ ਮਗਰੋਂ ਕੋਈ ਫ਼ੈਸਲਾ ਲਿਆ ਜਾਵੇਗਾ। ਐੱਨਡੀਏ ਨੇ ਅਜੇ ਰਾਸ਼ਟਰਪਤੀ ਦੀ ਚੋਣ ਲਈ ਕਿਸੇ ਉਮੀਦਵਾਰ ਦਾ ਨਾਮ ਨਹੀਂ ਐਲਾਨਿਆ ਹੈ ਪਰ ਸਾਰੀਆਂ ਨਜ਼ਰਾਂ ਸਾਂਝੀ ਵਿਰੋਧੀ ਧਿਰ ਦੇ ਉਮੀਦਵਾਰ ’ਤੇ ਰਹਿਣਗੀਆਂ। ਉਂਜ ਹੁਕਮਰਾਨ ਗੱਠਜੋੜ ਨੂੰ ਸਾਧਾਰਣ ਬਹੁਮਤ ਮਿਲਣਾ ਮੁਸ਼ਕਲ ਹੈ ਪਰ ਗ਼ੈਰ ਐੱਨਡੀਏ ਅਤੇ ਗ਼ੈਰ ਯੂਪੀਏ ਪਾਰਟੀਆਂ ਦੀਆਂ ਵੋਟਾਂ ਚੋਣਾਂ ’ਚ ਅਹਿਮ ਭੂਮਿਕਾ ਨਿਭਾ ਸਕਦੀਆਂ ਹਨ। ਇਕ ਕਾਂਗਰਸ ਆਗੂ ਨੇ ਕਿਹਾ,‘‘ਸਾਡਾ ਸਾਰਾ ਧਿਆਨ ਅਜੇ ਚਿੰਤਨ ਸ਼ਿਵਿਰ ’ਤੇ ਹੈ ਅਤੇ ਰਾਸ਼ਟਰਪਤੀ ਚੋਣਾਂ ਬਾਰੇ ਗੰਭੀਰਤਾ ਨਾਲ ਕੋਈ ਚਰਚਾ ਨਹੀਂ ਹੋਈ ਹੈ।’’ ਕਾਂਗਰਸ ਸੂਤਰਾਂ ਨੇ ਕਿਹਾ ਕਿ ਪਾਰਟੀ ਵੱਲੋਂ ਵਿਰੋਧੀ ਧਿਰ ਦਾ ਸਾਂਝਾ ਉਮੀਦਵਾਰ ਮੈਦਾਨ ’ਚ ਉਤਾਰਿਆ ਜਾ ਸਕਦਾ ਹੈ ਅਤੇ ਇਹ ਚੋਣਾਂ 2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਵਿਰੋਧੀ ਧਿਰ ਦੀ ਏਕਤਾ ਦੀ ਪ੍ਰੀਖਿਆ ਹੋਵੇਗੀ। ਇਕ ਹੋਰ ਕਾਂਗਰਸ ਆਗੂ ਨੇ ਕਿਹਾ ਕਿ ਇਸ ਮੁੱਦੇ ’ਤੇ ਜੂਨ ਦੇ ਸ਼ੁਰੂ ’ਚ ਵਿਚਾਰ ਕੀਤਾ ਜਾ ਸਕਦਾ ਹੈ ਅਤੇ ਸੋਨੀਆ ਗਾਂਧੀ ਯੂਪੀਏ ਦੇ ਸਾਰੇ ਭਾਈਵਾਲਾਂ ਨੂੰ ਸੱਦ ਕੇ ਕੋਈ ਸਾਂਝਾ ਫ਼ੈਸਲਾ ਲੈ ਸਕਦੀ ਹੈ ਅਤੇ ਯੂਪੀਏ ਯਕੀਨੀ ਤੌਰ ’ਤੇ ਆਪਣਾ ਉਮੀਦਵਾਰ ਉਤਾਰੇਗੀ। ਇਕ ਹੋਰ ਸੂਤਰ ਨੇ ਕਿਹਾ ਕਿ ਪਾਰਟੀ ਵੱਲੋਂ ਸਾਂਝੀ ਵਿਰੋਧੀ ਧਿਰ ਦੇ ਉਮੀਦਵਾਰ ਨੂੰ ਵੀ ਹਮਾਇਤ ਦਿੱਤੀ ਜਾ ਸਕਦੀ ਹੈ। ਕਈ ਮਹਿਸੂਸ ਕਰਦੇ ਹਨ ਕਿ ਸਾਂਝੀ ਵਿਰੋਧੀ ਧਿਰ ਦਾ ਉਮੀਦਵਾਰ ਖੜ੍ਹਾ ਹੋਣਾ ਮੁਸ਼ਕਲ ਹੈ ਕਿਉਂਕਿ ਬੀਜੇਡੀ ਅਤੇ ਵਾਈਐੱਸਆਰਸੀਪੀ ਸਮੇਤ ਹੋਰ ਕਈ ਖੇਤਰੀ ਪਾਰਟੀਆਂ ਭਾਜਪਾ ਨਾਲ ਜਾ ਸਕਦੀਆਂ ਹਨ ਜਿਨ੍ਹਾਂ ਦੇ ਕਈ ਸੰਸਦ ਮੈਂਬਰ ਹਨ। ਖੇਤਰੀ ਪਾਰਟੀਆਂ ’ਚੋਂ ਡੀਐੱਮਕੇ, ਤ੍ਰਿਣਮੂਲ ਕਾਂਗਰਸ ਅਤੇ ਸਮਾਜਵਾਦੀ ਪਾਰਟੀ ਦਾ ਸਭ ਤੋਂ ਵੱਡਾ ਵੋਟ ਸ਼ੇਅਰ ਹੈ। ਰਾਸ਼ਟਰਪਤੀ ਦੀ ਚੋਣ ਲਈ ਸੰਸਦ ਦੇ ਦੋਵੇਂ ਸਦਨਾਂ ਦੇ 776 ਸੰਸਦ ਮੈਂਬਰਾਂ ਅਤੇ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ 4120 ਵਿਧਾਇਕਾਂ ਦੇ ਕੁੱਲ 1,098,903 ਵੋਟ ਬਣਦੇ ਹਨ ਅਤੇ ਬਹੁਮਤ ਲਈ 549,452 ਵੋਟ ਚਾਹੀਦੇ ਹਨ। ਉੱਤਰ ਪ੍ਰਦੇਸ਼ ’ਚ ਸਭ ਤੋਂ ਜ਼ਿਆਦਾ 83,824 ਵੋਟਾਂ ਹਨ। ਇਸ ਮਗਰੋਂ ਮਹਾਰਾਸ਼ਟਰ ਅਤੇ ਪੱਛਮੀ ਬੰਗਾਲ ਦਾ ਨੰਬਰ ਆਉਂਦਾ ਹੈ। ਤ੍ਰਿਣਮੂਲ ਕਾਂਗਰਸ ਸੁਪਰੀਮੋ ਮਮਤਾ ਬੈਨਰਜੀ ਨੇ ਭਾਜਪਾ ਨੂੰ ਚਿਤਾਵਨੀ ਦਿੱਤੀ ਹੈ ਕਿ ਭਾਜਪਾ ਆਸਾਨੀ ਨਾਲ ਰਾਸ਼ਟਰਪਤੀ ਚੋਣਾਂ ਨਹੀਂ ਜਿੱਤ ਸਕੇਗੀ। -ਆਈਏਐਨਐਸ