ਨਵੀਂ ਦਿੱਲੀ, 26 ਅਕਤੂਬਰ
ਮੁੱਖ ਅੰਸ਼
- ਮਜ਼ਦੂਰ ਦੇ ਪੁੱਤਰ ਅਤੇ ਸਾਧਾਰਨ ਵਰਕਰ ਨੂੰ ਪ੍ਰਧਾਨ ਬਣਾਉਣ ਲਈ ਕੀਤਾ ਧੰਨਵਾਦ
- ਖੜਗੇ ਨੇ 47 ਮੈਂਬਰੀ ਸਟੀਅਰਿੰਗ ਕਮੇਟੀ ਬਣਾਈ
ਸੀਨੀਅਰ ਆਗੂ ਮਲਿਕਾਰਜੁਨ ਖੜਗੇ (80) ਨੇ ਅੱਜ ਕਾਂਗਰਸ ਪ੍ਰਧਾਨ ਦਾ ਅਹੁਦਾ ਰਸਮੀ ਤੌਰ ’ਤੇ ਸੰਭਾਲ ਲਿਆ ਹੈ। ਇਸ ਮੌਕੇ ਆਪਣੇ ਸੰਬੋਧਨ ’ਚ ਖੜਗੇ ਨੇ ਕਿਹਾ ਕਿ ਪਾਰਟੀ ਮੌਜੂਦਾ ਸਰਕਾਰ ਅਧੀਨ ਚੱਲ ਰਹੇ ‘ਝੂਠ ਅਤੇ ਨਫ਼ਰਤ’ ਦੇ ਪ੍ਰਬੰਧ ਨੂੰ ਤੋੜੇਗੀ। ਸ੍ਰੀ ਖੜਗੇ 24 ਸਾਲਾਂ ਬਾਅਦ ਪਹਿਲੇ ਗ਼ੈਰ-ਗਾਂਧੀ ਆਗੂ ਹਨ ਜਿਨ੍ਹਾਂ ਸਿੱਧੇ ਮੁਕਾਬਲੇ ’ਚ ਤਿਰੂਵਨੰਤਪੁਰਮ ਤੋਂ ਸੰਸਦ ਮੈਂਬਰ ਸ਼ਸ਼ੀ ਥਰੂਰ ਨੂੰ ਹਰਾ ਕੇ ਕਾਂਗਰਸ ਦੀ ਪ੍ਰਧਾਨਗੀ ਹਾਸਲ ਕੀਤੀ ਹੈ। ਇਥੇ ਪਾਰਟੀ ਦੇ ਮੁੱਖ ਦਫ਼ਤਰ ’ਤੇ ਕਾਂਗਰਸ ਪ੍ਰਧਾਨ ਵਜੋਂ ਜਿੱਤ ਦਾ ਸਰਟੀਫਿਕੇਟ ਹਾਸਲ ਕਰਨ ਮਗਰੋਂ ਖੜਗੇ ਨੇ ਕਿਹਾ ਕਿ ਇਹ ਉਨ੍ਹਾਂ ਲਈ ਭਾਵੁਕ ਪਲ ਹੈ ਅਤੇ ਉਹ ਕਾਂਗਰਸ ਆਗੂਆਂ ਨੂੰ ਧੰਨਵਾਦ ਦਿੰਦੇ ਹਨ ਜਿਨ੍ਹਾਂ ਇਕ ਮਜ਼ਦੂਰ ਦੇ ਪੁੱਤਰ ਅਤੇ ਸਾਧਾਰਨ ਵਰਕਰ ਨੂੰ ਪਾਰਟੀ ਦਾ ਪ੍ਰਧਾਨ ਬਣਾਇਆ। ‘ਮੈਂ ਜਾਣਦਾ ਹਾਂ ਕਿ ਇਹ ਮੁਸ਼ਕਲ ਸਮਾਂ ਹੈ ਅਤੇ ਕਾਂਗਰਸ ਵੱਲੋਂ ਸਥਾਪਤ ਲੋਕਤੰਤਰ ਨੂੰ ਬਦਲਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ।’ ਸ੍ਰੀ ਖੜਗੇ ਨੇ ਭਾਰਤ ਜੋੜੋ ਯਾਤਰਾ ਸ਼ੁਰੂ ਕਰਨ ਲਈ ਰਾਹੁਲ ਗਾਂਧੀ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਉਹ ਦੇਸ਼ ’ਚ ਨਵੀਂ ਜਾਨ ਪਾ ਰਹੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਅੰਦਰ ਉਦੈਪੁਰ ਐਲਾਨਨਾਮੇ ਦੀਆਂ ਤਜਵੀਜ਼ਾਂ ਜਿਵੇਂ 50 ਫ਼ੀਸਦੀ ਅਹੁਦੇ 50 ਸਾਲ ਤੋਂ ਘੱਟ ਉਮਰ ਦੇ ਆਗੂਆਂ ਨੂੰ ਦੇਣ, ਜਥੇਬੰਦਕ ਅਹੁਦੇ ਭਰਨ, ਚੋਣ ਪ੍ਰਬੰਧ ਵਿਭਾਗ ਸਥਾਪਤ ਕਰਨ ਅਤੇ ਸੂਬਿਆਂ ’ਚ ਸਿਆਸੀ ਮਾਮਲਿਆਂ ਬਾਰੇ ਕਮੇਟੀਆਂ ਬਣਾਉਣ ਆਦਿ ਨੂੰ ਲਾਗੂ ਕੀਤਾ ਜਾਵੇਗਾ। ਖੜਗੇ ਨੇ ਕਿਹਾ,‘‘ਇਹ ਕਿਹੋ ਜਿਹਾ ਨਵਾਂ ਭਾਰਤ ਹੈ ਜਿਥੇ ਨੌਜਵਾਨਾਂ ਨੂੰ ਨੌਕਰੀਆਂ ਨਹੀਂ ਮਿਲ ਰਹੀਆਂ ਹਨ, ਕਿਸਾਨਾਂ ਨੂੰ ਜੀਪਾਂ ਹੇਠ ਦਰੜਿਆ ਜਾ ਰਿਹਾ ਹੈ, ਮਹਿਲਾਵਾਂ ਖ਼ਿਲਾਫ਼ ਵਧੀਕੀਆਂ ਵਧ ਰਹੀਆਂ ਹਨ, ਲੋਕ ਮਹਿੰਗਾਈ ਹੇਠ ਦੱਬੇ ਹੋਏ ਹਨ ਪਰ ਸਰਕਾਰ ਅੱਖਾਂ ਬੰਦ ਕਰਕੇ ਬੈਠੀ ਹੋਈ ਹੈ ਅਤੇ ਉਹ ਸਿਰਫ਼ ਆਪਣੇ ਪੂੰਜੀਪਤੀ ਦੋਸਤਾਂ ਦੀ ਸਹਾਇਤਾ ਕਰਰਹੀ ਹੈ।’’ ਉਨ੍ਹਾਂ ਕਿਹਾ ਕਿ ਇਸ ਨਵੇਂ ਭਾਰਤ ’ਚ ਭੁੱਖਮਰੀ, ਅਨਪੜ੍ਹਤਾ ਅਤੇ ਪ੍ਰਦੂਸ਼ਣ ਵਧ ਰਿਹਾ ਹੈ। ‘ਸਰਕਾਰ ਸੁੱਤੀ ਪਈ ਹੈ ਪਰ ਈਡੀ, ਸੀਬੀਆਈ ਅਤੇ ਇਨਕਮ ਟੈਕਸ ਵਾਲੇ ਦਬਾਉਣ ਲਈ 24 ਘੰਟੇ ਕੰਮ ਕਰ ਰਹੇ ਹਨ। ਨਵੇਂ ਭਾਰਤ ’ਚ ਦਲਿਤਾਂ, ਘੱਟ ਗਿਣਤੀਆਂ ਅਤੇ ਨਪੀੜੇ ਲੋਕਾਂ ਦਾ ਅਪਮਾਨ ਕੀਤਾ ਜਾ ਰਿਹਾ ਅਤੇ ਉਨ੍ਹਾਂ ਤੋਂ ਮੌਕੇ ਖੋਹੇ ਜਾ ਰਹੇ ਹਨ। ਗੋਡਸੇ ਨੂੰ ਦੇਸ਼ਭਗਤ ਅਤੇ ਗਾਂਧੀ ਨੂੰ ਦੇਸ਼ਧ੍ਰੋਹੀ ਆਖਿਆ ਜਾ ਰਿਹਾ ਹੈ। ਬਾਬਾਸਾਹਿਬ ਦੇ ਸੰਵਿਧਾਨ ਨੂੰ ਬਦਲ ਕੇ ਸੰਘ ਦਾ ਸੰਵਿਧਾਨ ਲਾਗੂ ਕਰਨ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ।’ ਸਾਬਕਾ ਕੇਂਦਰੀ ਮੰਤਰੀ ਨੇ ਕਿਹਾ ਕਿ ਉਹ (ਭਾਜਪਾ) ਕਾਂਗਰਸ ਮੁਕਤ ਭਾਰਤ ਬਣਾਉਣਾ ਚਾਹੁੰਦੇ ਹਨ ਪਰ ਪਾਰਟੀ ਅਜਿਹਾ ਨਹੀਂ ਹੋਣ ਦੇਵੇਗੀ। ਸਮਾਗਮ ਦੌਰਾਨ ਸੋਨੀਆ ਗਾਂਧੀ ਤੋਂ ਇਲਾਵਾ, ਰਾਹੁਲ ਗਾਂਧੀ, ਪ੍ਰਿਯੰਕਾ ਗਾਂਧੀ ਵਾਡਰਾ ਅਤੇ ਹੋਰ ਕਈ ਪਾਰਟੀ ਆਗੂ ਹਾਜ਼ਰ ਸਨ। ਕਾਂਗਰਸ ਪ੍ਰਧਾਨ ਦਾ ਅਹੁਦਾ ਸੰਭਾਲਣ ਤੋਂ ਪਹਿਲਾਂ ਖੜਗੇ ਨੇ ਰਾਜਘਾਟ ਜਾ ਕੇ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਦਿੱਤੀ। ਉਨ੍ਹਾਂ ਜਵਾਹਰਲਾਲ ਨਹਿਰੂ, ਲਾਲ ਬਹਾਦਰ ਸ਼ਾਸਤਰੀ, ਇੰਦਰਾ ਗਾਂਧੀ ਅਤੇ ਜਗਜੀਵਨ ਰਾਮ ਦੀਆਂ ਯਾਦਗਾਰਾਂ ’ਤੇ ਜਾ ਕੇ ਵੀ ਸ਼ਰਧਾ ਦੇ ਫੁੱਲ ਭੇਟ ਕੀਤੇ। -ਪੀਟੀਆਈ
ਖੜਗੇ ਨੇ 47 ਮੈਂਬਰੀ ਸਟੀਅਰਿੰਗ ਕਮੇਟੀ ਬਣਾਈ
ਨਵੀਂ ਦਿੱਲੀ: ਕਾਂਗਰਸ ਪਾਰਟੀ ਦੀ ਕਮਾਨ ਸੰਭਾਲੇ ਜਾਣ ਮਗਰੋਂ ਮਲਿਕਾਰਜੁਨ ਖੜਗੇ ਨੇ 47 ਮੈਂਬਰੀ ਸਟੀਅਰਿੰਗ ਕਮੇਟੀ ਬਣਾਈ ਹੈ ਜਿਸ ’ਚ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ, ਸਾਬਕਾ ਪ੍ਰਧਾਨ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਵੀ ਸ਼ਾਮਲ ਹਨ। ਇਹ ਕਮੇਟੀ ਕਾਂਗਰਸ ਵਰਕਿੰਗ ਕਮੇਟੀ (ਸੀਡਬਲਿਊਸੀ) ਦੀ ਥਾਂ ਲਵੇਗੀ। ਨਵੀਂ ਕਾਂਗਰਸ ਵਰਕਿੰਗ ਕਮੇਟੀ ਦੇ ਗਠਨ ਤੱਕ ਇਹ ਕਮੇਟੀ ਪਾਰਟੀ ਦਾ ਕੰਮਕਾਜ ਦੇਖੇਗੀ। ਪਿਛਲੀ ਸੀਡਬਲਿਊਸੀ ਦੇ ਜ਼ਿਆਦਾਤਰ ਮੈਂਬਰਾਂ ਨੂੰ ਸਟੀਅਰਿੰਗ ਕਮੇਟੀ ’ਚ ਸ਼ਾਮਲ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਸੀਡਬਲਿਊਸੀ ਦੇ ਸਾਰੇ ਮੈਂਬਰਾਂ ਅਤੇ ਪਾਰਟੀ ਦੇ ਅਹੁਦੇਦਾਰਾਂ ਨੇ ਆਪਣੇ ਅਸਤੀਫ਼ੇ ਪਾਰਟੀ ਦੇ ਨਵੇਂ ਪ੍ਰਧਾਨ ਨੂੰ ਸੌਂਪ ਦਿੱਤੇ ਸਨ ਤਾਂ ਜੋ ਉਹ ਆਪਣੀ ਟੀਮ ਚੁਣ ਸਕਣ। ਏਆਈਸੀਸੀ ਜਨਰਲ ਸਕੱਤਰ (ਜਥੇਬੰਦਕ) ਦੀ ਸੂਚਨਾ ਮੁਤਾਬਕ ਕਮੇਟੀ ’ਚ ਪ੍ਰਿਯੰਕਾ ਗਾਂਧੀ ਵਾਡਰਾ, ਏ ਕੇ ਐਂਟਨੀ, ਅੰਬਿਕਾ ਸੋਨੀ, ਆਨੰਦ ਸ਼ਰਮਾ, ਕੇ ਸੀ ਵੇਣੂਗੋਪਾਲ, ਰਣਦੀਪ ਸੁਰਜੇਵਾਲਾ ਅਤੇ ਦਿਗਵਿਜੈ ਸਿੰਘ ਵੀ ਸ਼ਾਮਲ ਕੀਤਾ ਗਿਆ ਹੈ। -ਪੀਟੀਆਈ
ਕਾਂਗਰਸ ਵੱਲੋਂ ਗੁਜਰਾਤ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਬਾਰੇ ਵਿਚਾਰਾਂ
ਨਵੀਂ ਦਿੱਲੀ: ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਪਾਰਟੀ ਦੀ ਕੇਂਦਰੀ ਚੋਣ ਕਮੇਟੀ (ਸੀਈਸੀ) ਦੀ ਮੀਟਿੰਗ ਦੀ ਅਗਵਾਈ ਕਰਦਿਆਂ ਗੁਜਰਾਤ ਦੀਆਂ ਆਉਂਦੀਆਂ ਵਿਧਾਨ ਸਭਾ ਚੋਣਾਂ ਦੇ ਸੰਭਾਵਿਤ ਉਮੀਦਵਾਰਾਂ ਬਾਰੇ ਵਿਚਾਰ ਵਟਾਂਦਰਾ ਕੀਤਾ। ਮੀਟਿੰਗ ਦੌਰਾਨ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਵੀ ਹਾਜ਼ਰ ਸਨ। ਕਾਂਗਰਸ ਦੀ ਕਮਾਨ ਸੰਭਾਲਣ ਮਗਰੋਂ ਖੜਗੇ ਦੀ ਅਗਵਾਈ ਹੇਠ ਪਹਿਲੀ ਮੀਟਿੰਗ ਹੋਈ। ਮੀਟਿੰਗ ’ਚ ਸੀਈਸੀ ਮੈਂਬਰ ਅਤੇ ਜਨਰਲ ਸਕੱਤਰ ਮੁਕੁਲ ਵਾਸਨਿਕ, ਕੇ ਸੀ ਵੇਣੂਗੋਪਾਲ, ਅੰਬਿਕਾ ਸੋਨੀ ਅਤੇ ਗਿਰਜਾ ਵਿਆਸ ਵੀ ਮੌਜੂਦ ਸਨ। ਗੁਜਰਾਤ ਮਾਮਲਿਆਂ ਦੇ ਇੰਚਾਰਜ ਰਘੂ ਸ਼ਰਮਾ ਅਤੇ ਪ੍ਰਦੇਸ਼ ਪ੍ਰਧਾਨ ਜਗਦੀਸ਼ ਠਾਕੁਰ ਵੀ ਮੀਟਿੰਗ ’ਚ ਹਾਜ਼ਰ ਸਨ। ਪਾਰਟੀ ਵੱਲੋਂ ਕੁਝ ਉਮੀਦਵਾਰਾਂ ਦੇ ਨਾਵਾਂ ਨੂੰ ਅੰਤਿਮ ਰੂਪ ਦਿੱਤਾ ਜਾ ਸਕਦਾ ਹੈ ਜਿਨ੍ਹਾਂ ਦਾ ਐਲਾਨ ਇਕ-ਦੋ ਦਿਨਾਂ ’ਚ ਕੀਤਾ ਜਾ ਸਕਦਾ ਹੈ। -ਪੀਟੀਆਈ
ਖੜਗੇ ਦੀ ਅਗਵਾਈ ਹੇਠ ਕਾਂਗਰਸ ਮਜ਼ਬੂਤ ਹੋਵੇਗੀ: ਸੋਨੀਆ
ਨਵੀਂ ਦਿੱਲੀ: ਸਾਬਕਾ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਆਸ ਜਤਾਈ ਕਿ ਨਵੇਂ ਪ੍ਰਧਾਨ ਮਲਿਕਾਰਜੁਨ ਖੜਗੇ ਦੀ ਅਗਵਾਈ ਹੇਠ ਪਾਰਟੀ ਮਜ਼ਬੂਤ ਹੋਵੇਗੀ ਅਤੇ ਉਹ ਪਾਰਟੀ ਨੂੰ ਦਰਪੇਸ਼ ਚੁਣੌਤੀਆਂ ਦਾ ਸਫ਼ਲਤਾਪੂਰਬਕ ਮੁਕਾਬਲਾ ਕਰਨਗੇ। ਸਮਾਗਮ ਦੌਰਾਨ ਸੋਨੀਆ ਨੇ ਕਿਹਾ ਕਿ ਪਾਰਟੀ ਪ੍ਰਧਾਨ ਦਾ ਅਹੁਦਾ ਛੱਡ ਕੇ ਉਨ੍ਹਾਂ ਨੂੰ ਰਾਹਤ ਮਹਿਸੂਸ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਭਾਰ ਹੁਣ ਖੜਗੇ ਦੇ ਸਿਰ ’ਤੇ ਆ ਗਿਆ ਹੈ। ਖੜਗੇ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਕਿਹਾ ਕਿ ਸਭ ਤੋਂ ਵੱਡੀ ਤਸੱਲੀ ਵਾਲੀ ਗੱਲ ਇਹ ਹੈ ਕਿ ਨਵੇਂ ਪ੍ਰਧਾਨ ਦੀ ਚੋਣ ਪਾਰਟੀ ਵਰਕਰਾਂ ਅਤੇ ਆਗੂਆਂ ਵੱਲੋਂ ਕੀਤੀ ਗਈ ਹੈ। ‘ਖੜਗੇ ਤਜਰਬੇਕਾਰ, ਜ਼ਮੀਨ ਨਾਲ ਜੁੜੇ, ਆਪਣੀ ਮਿਹਨਤ ਅਤੇ ਸਮਰਪਣ ਨਾਲ ਇਕ ਸਾਧਾਰਨ ਵਰਕਰ ਤੋਂ ਇਸ ਮੁਕਾਮ ਤੱਕ ਪਹੁੰਚੇ ਹਨ।’ ਕਾਂਗਰਸ ਆਗੂ ਨੇ ਭਰੋਸਾ ਜਤਾਇਆ ਕਿ ਖੜਗੇ ਤੋਂ ਪੂਰੀ ਪਾਰਟੀ ਨੂੰ ਪ੍ਰੇਰਣਾ ਮਿਲੇਗੀ, ਇਕ ਸੁਨੇਹਾ ਮਿਲੇਗਾ ਅਤੇ ਉਨ੍ਹਾਂ ਦੀ ਅਗਵਾਈ ਹੇਠ ਕਾਂਗਰਸ ਮਜ਼ਬੂਤ ਹੋਵੇਗੀ। ਉਨ੍ਹਾਂ ਕਿਹਾ ਕਿ ਸਭ ਤੋਂ ਵੱਡੀ ਚੁਣੌਤੀ ਦੇਸ਼ ਦੇ ਜਮਹੂਰੀ ਸਿਧਾਂਤਾਂ ਸਾਹਮਣੇ ਪੈਦਾ ਹੋ ਰਹੇ ਖ਼ਤਰੇ ਦਾ ਸਫ਼ਲਤਾਪੂਰਬਕ ਮੁਕਾਬਲਾ ਕਰਨ ਦੀ ਹੈ। ‘ਮੈਨੂੰ ਯਕੀਨ ਹੈ ਕਿ ਪਾਰਟੀ ਵਰਕਰ ਅਤੇ ਆਗੂ ਕਾਂਗਰਸ ਪ੍ਰਧਾਨ ਦੀ ਚੋਣ ਵਾਂਗ ਮਿਲ-ਜੁਲ ਕੇ ਅਜਿਹੀ ਤਾਕਤ ਬਣਨਗੇ ਜੋ ਦੇਸ਼ ਸਾਹਮਣੇ ਖੜ੍ਹੀਆਂ ਚੁਣੌਤੀਆਂ ਦਾ ਸਫ਼ਲਤਾਪੂਰਬਕ ਸਾਹਮਣਾ ਕਰ ਸਕਣਗੇ।’
ਇਸ ਮੌਕੇ ਪਾਰਟੀ ਨੇ ਸੋਨੀਆ ਗਾਂਧੀ ਦਾ ਧੰਨਵਾਦ ਕੀਤਾ। ਕਾਂਗਰਸ ਆਗੂ ਅਜੈ ਮਾਕਨ ਨੇ ਇਕ ਬਿਆਨ ਪੜ੍ਹਿਆ ਜਿਸ ’ਚ ਪਾਰਟੀ ਨੇ ਕਿਹਾ ਕਿ ਸੋਨੀਆ ਗਾਂਧੀ ਨੇ ਕਾਂਗਰਸ ਨੂੰ ਸਮੇਂ ਮੁਤਾਬਕ ਪ੍ਰਸੰਗਿਕ ਅਤੇ ਲਚਕਦਾਰ ਬਣਾਇਆ। ਉਨ੍ਹਾਂ ਕਈ ਸਖ਼ਤ ਤੇ ਅਗਾਂਹ ਵਧਣ ਵਾਲੇ ਫ਼ੈਸਲੇ ਲਏ ਅਤੇ ਭਵਿੱਖ ਦੀ ਨੀਂਹ ਰੱਖੀ। ਸੋਨੀਆ ਦੇ ਯੋਗਦਾਨ ਦੀ ਸ਼ਲਾਘਾ ਕਰਦਿਆਂ ਪਾਰਟੀ ਨੇ ਬਿਆਨ ’ਚ ਕਿਹਾ ਕਿ ਉਨ੍ਹਾਂ ਆਮ ਸਹਿਮਤੀ ਅਤੇ ਵਿਕਾਸ ਦੇ ਸਾਂਝੇ ਘੱਟੋ ਘੱਟ ਪ੍ਰੋਗਰਾਮ ਨੂੰ ਸਿਆਸੀ ਕਦਰਾਂ-ਕੀਮਤਾਂ ’ਚ ਬਦਲ ਦਿੱਤਾ ਅਤੇ ਆਪਣੀ ਸਿਆਸੀ ਅਕਲਮੰਦੀ ਨਾਲ ਦੇਸ਼ ਦੀ ਲੋੜ ਮੁਤਾਬਕ ਵੱਖ ਵੱਖ ਸਿਆਸੀ ਵਿਚਾਰਧਾਰਾਵਾਂ ਵਾਲੀਆਂ ਪਾਰਟੀਆਂ ਨੂੰ ਸਾਂਝੇ ਮੰਚ ’ਤੇ ਲਿਆਂਦਾ। ਪਾਰਟੀ ਨੇ ਕਿਹਾ ਕਿ ਉਹ ਭਾਵੇਂ ਖੁਦ ਸੱਤਾ ’ਚ ਨਹੀਂ ਸੀ ਪਰ ਕਾਂਗਰਸ ਪ੍ਰਧਾਨ ਵਜੋਂ ਉਨ੍ਹਾਂ ਸਰਕਾਰਾਂ ਨੂੰ ਸੂਚਨਾ ਦਾ ਅਧਿਕਾਰ ਕਾਨੂੰਨ, ਮਗਨਰੇਗਾ, ਸਿੱਖਿਆ ਦਾ ਅਧਿਕਾਰ, ਖੁਰਾਕ ਸੁਰੱਖਿਆ, ਜ਼ਮੀਨ ਐਕੁਆਇਰ ਕਾਨੂੰਨ ਆਦਿ ਬਣਾਉਣ ਲਈ ਪ੍ਰੇਰਿਤ ਕੀਤਾ। -ਪੀਟੀਆਈ
ਖੜਗੇ ਨੂੰ ਪੂਰਾ ਸਹਿਯੋਗ ਦੇਵਾਂਗਾ: ਸ਼ਸ਼ੀ ਥਰੂਰ
ਨਵੀਂ ਦਿੱਲੀ: ਕਾਂਗਰਸ ਦੇ ਸੀਨੀਅਰ ਆਗੂ ਸ਼ਸ਼ੀ ਥਰੂਰ ਨੇ ਕਿਹਾ ਹੈ ਕਿ ਪਾਰਟੀ ਨੂੰ ਅਗਾਂਹ ਲਿਜਾਣ ਲਈ ਉਹ ਨਵੇਂ ਪ੍ਰਧਾਨ ਨੂੰ ਪੂਰੀ ਹਮਾਇਤ ਅਤੇ ਸਹਿਯੋਗ ਦੇਣਗੇ। ਸ੍ਰੀ ਥਰੂਰ ਕਾਂਗਰਸ ਪ੍ਰਧਾਨ ਦੀ ਚੋਣ ਮਲਿਕਾਰਜੁਨ ਖੜਗੇ ਤੋਂ ਹਾਰ ਗਏ ਸਨ। ਖੜਗੇ ਦੇ ਰਸਮੀ ਤੌਰ ’ਤੇ ਪਾਰਟੀ ਦੀ ਕਮਾਨ ਸੰਭਾਲਣ ਮੌਕੇ ਹੋਏ ਸਮਾਗਮ ਦੌਰਾਨ ਥਰੂਰ ਵੀ ਹਾਜ਼ਰ ਸਨ। ਉਨ੍ਹਾਂ ਖੜਗੇ ਅਤੇ ਸੋਨੀਆ ਗਾਂਧੀ ਨਾਲ ਆਪਣੀ ਤਸਵੀਰ ਵੀ ਟਵਿਟਰ ’ਤੇ ਸਾਂਝੀ ਕੀਤੀ ਹੈ। ਇਸ ਤੋਂ ਪਹਿਲਾਂ ਥਰੂਰ ਨੇ ਖੜਗੇ ਨੂੰ ਪ੍ਰਧਾਨਗੀ ਅਹੁਦਾ ਸੰਭਾਲੇ ਜਾਣ ’ਤੇ ਵਧਾਈ ਦਿੰਦਿਆਂ ਉਨ੍ਹਾਂ ਦੀ ਸਫ਼ਲਤਾ ਦੀ ਕਾਮਨਾ ਕੀਤੀ। -ਪੀਟੀਆਈ