ਨਵੀਂ ਦਿੱਲੀ, 18 ਮਈ
ਭਾਜਪਾ ਨੇ ਅੱਜ ਕਾਂਗਰਸ ’ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਵਿਰੋਧੀ ਧਿਰ ਭਾਰਤ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਾਖ ਨੂੰ ਸੱਟ ਮਾਰਨਾ ਚਾਹੁੰਦੀ ਹੈ। ਭਾਜਪਾ ਨੇ ਦੋਸ਼ ਲਾਇਆ ਹੈ ਕਿ ਵਿਰੋਧੀ ਧਿਰ ਵੱਲੋਂ ਬਣਾਈ ਇਕ ਟੂਲਕਿੱਟ ਵਿਚ ਕਰੋਨਾਵਾਇਰਸ ਦੇ ਨਵੇਂ ਸਰੂਪ ਨੂੰ ‘ਭਾਰਤੀ ਸਰੂਪ’ ਜਾਂ ‘ਮੋਦੀ ਸਰੂਪ’ ਦਾ ਨਾਂ ਦਿੱਤਾ ਗਿਆ ਹੈ। ਟੂਲਕਿੱਟ ਦਾ ਹਵਾਲਾ ਦਿੰਦਿਆਂ ਭਾਜਪਾ ਦੇ ਬੁਲਾਰੇ ਸੰਬਿਤ ਪਾਤਰਾ ਨੇ ਕਿਹਾ ਕਿ ਦਸਤਾਵੇਜ਼ ਮੁਤਾਬਕ ਇਹ ਸਪੱਸ਼ਟ ਹੈ ਕਿ ਕਾਂਗਰਸ ਮਹਾਮਾਰੀ ਦੌਰਾਨ ਲੋੜਵੰਦਾਂ ਨੂੰ ਜਿਹੜੀ ਮਦਦ ਦੇ ਰਹੀ ਹੈ ‘ਉਹ ਮਹਿਜ਼ ਇਕ ਪ੍ਰਚਾਰ ਅਭਿਆਸ ਹੈ ਜੋ ਕਿ ਕੁਝ ਮਿੱਤਰ ਪੱਤਰਕਾਰਾਂ ਤੇ ਰਸੂਖ਼ ਰੱਖਣ ਵਾਲਿਆਂ ਦੇ ਸਹਿਯੋਗ ਨਾਲ ਸਿਰੇ ਚਾੜ੍ਹਿਆ ਜਾ ਰਿਹਾ ਹੈ। ਇਹ ਕੋਈ ਰੂਹ ਨਾਲ ਕੀਤਾ ਜਾ ਰਿਹਾ ਉੱਦਮ ਨਹੀਂ ਹੈ।’ ਪਾਤਰਾ ਨੇ ਇਕ ਟਵੀਟ ਵਿਚ ਕਿਹਾ ਕਿ ਟੂਲਕਿੱਟ ਦੇ ਏਜੰਡੇ ਮੁਤਾਬਕ ਕਾਂਗਰਸ ਨੇ ਆਪਣੇ ਸੋਸ਼ਲ ਮੀਡੀਆ ਵਲੰਟੀਅਰਾਂ ਨੂੰ ਸੱਦਾ ਦਿੱਤਾ ਹੈ ਕਿ ਕੋਵਿਡ ਦੇ ਨਵੇਂ ਸਰੂਪ ਨੂੰ ‘ਮੋਦੀ ਸਰੂਪ’ ਜਾਂ ‘ਭਾਰਤੀ ਸਰੂਪ’ ਲਿਖਿਆ ਜਾਵੇ। ਭਾਜਪਾ ਪ੍ਰਧਾਨ ਜੇਪੀ ਨੱਢਾ ਨੇ ਕਿਹਾ ਕਿ ਕਾਂਗਰਸ ਸਮਾਜ ਨੂੰ ਵੰਡ ਰਹੀ ਹੈ ਤੇ ‘ਦੂਜਿਆਂ ਖ਼ਿਲਾਫ਼ ਜ਼ਹਿਰ ਉਗਲ ਰਹੀ ਹੈ। ਇਸ ਕੰਮ ਵਿਚ ਪਾਰਟੀ ਪੂਰੀ ਮੁਹਾਰਤ ਰੱਖਦੀ ਹੈ।’ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਨੇ ਵੀ ਕਾਂਗਰਸ ਨੂੰ ਨਿਸ਼ਾਨੇ ’ਤੇ ਲੈਂਦਿਆਂ ਕਿਹਾ ਕਿ ਵਿਰੋਧੀ ਧਿਰ ਦਾ ਪੱਧਰ ਬਹੁਤ ਡਿਗ ਗਿਆ ਹੈ। ਪਾਤਰਾ ਨੇ ਦੋਸ਼ ਲਾਇਆ ਕਿ ਕਾਂਗਰਸ ਮਹਾਮਾਰੀ ਦੀ ਵਰਤੋਂ ਕਰ ਕੇ ਮੋਦੀ ਦੀ ਸਾਖ ਖ਼ਤਮ ਕਰਨਾ ਚਾਹੁੰਦੀ ਹੈ। ਭਾਜਪਾ ਦੇ ਬੁਲਾਰੇ ਨੇ ਕਿਹਾ ਕਿ ਵਿਦੇਸ਼ੀ ਪੱਤਰਕਾਰਾਂ ਨਾਲ ਮਿਲ ਕੇ ਭਾਰਤ ਦੀ ਸਾਖ ਖਰਾਬ ਕਰਨ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ। ਕਾਂਗਰਸ ਨੇ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕੀਤਾ ਹੈ। -ਪੀਟੀਆਈ
‘ਫ਼ਰਜ਼ੀ ਟੂਲਕਿੱਟ’ ਦਾ ਹਵਾਲਾ ਦੇ ਰਹੀ ਹੈ ਭਾਜਪਾ: ਕਾਂਗਰਸ
ਕਾਂਗਰਸ ਨੇ ਦੋਸ਼ ਲਾਇਆ ਹੈ ਕਿ ਭਾਜਪਾ ਵਿਰੋਧੀ ਧਿਰ ਨੂੰ ਬਦਨਾਮ ਕਰਨ ਲਈ ‘ਜਾਅਲੀ ਟੂਲਕਿੱਟ’ ਦਾ ਹਵਾਲਾ ਦੇ ਰਹੀ ਹੈ ਤੇ ਕਾਂਗਰਸ ਨੂੰ ਬਦਨਾਮ ਕਰ ਰਹੀ ਹੈ। ਕਾਂਗਰਸ ਨੇ ਕਿਹਾ ਕਿ ਭਾਜਪਾ ਪ੍ਰਧਾਨ ਜੇਪੀ ਨੱਢਾ ਤੇ ਭਾਜਪਾ ਦੇ ਬੁਲਾਰੇ ਸੰਬਿਤ ਪਾਤਰਾ ਖ਼ਿਲਾਫ਼ ਪੁਲੀਸ ਨੂੰ ਸ਼ਿਕਾਇਤ ਦਿੱਤੀ ਗਈ ਹੈ। ਕਾਂਗਰਸ ਨੇ ਟਵੀਟ ਕੀਤਾ ਕਿ ਭਾਜਪਾ ਮੁਸ਼ਕਲ ਸਮੇਂ ਲੋਕਾਂ ਦੀ ਮਦਦ ਕਰਨ ਦੀ ਬਜਾਏ ਹਲਕੇ ਪੱਧਰ ਦੀ ਸਿਆਸਤ ਕਰ ਰਹੀ ਹੈ। ਕਾਂਗਰਸ ਰਿਸਰਚ ਸੈੱਲ ਦੇ ਮੁਖੀ ਰਾਜੀਵ ਗੌੜਾ ਨੇ ਟਵੀਟ ਕੀਤਾ ਕਿ ਭਾਜਪਾ ਕੋਵਿਡ-19 ਬਾਰੇ ਇਕ ਫ਼ਰਜ਼ੀ ਟੂਲਕਿੱਟ ਤਿਆਰ ਕਰ ਕੇ ਇਸ ਦਾ ਦੋਸ਼ ਕਾਂਗਰਸ ਦੇ ਰਿਸਰਚ ਵਿਭਾਗ ਸਿਰ ਮੜ੍ਹ ਰਹੀ ਹੈ। -ਪੀਟੀਆਈ