ਜੰਮੂ, 28 ਫਰਵਰੀ
ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਫਾਰੂਕ ਅਬਦੁੱਲ੍ਹਾ ਨੇ ਅੱਜ ਕਿਹਾ ਕਿ ਦੇਸ਼ ’ਚ ਵੰਡ ਪਾਊ ਤਾਕਤਾਂ ਖ਼ਿਲਾਫ਼ ਲੜਨ ਲਈ ਉਹ ਚਾਹੁੰਦੇ ਹਨ ਕਿ ਕਾਂਗਰਸ ਇਕਜੁੱਟ ਅਤੇ ਮਜ਼ਬੂਤ ਰਹੇ। ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਜਦੋਂ ਤੱਕ ਅਤਿਵਾਦ ਦੇ ਮੂਲ ਕਾਰਨ ’ਤੇ ਸੱਟ ਨਹੀਂ ਮਾਰੀ ਜਾਵੇਗੀ, ਅਤਿਵਾਦੀ ਲੋਕਾਂ ਨੂੰ ਆਪਣਾ ਨਿਸ਼ਾਨਾ ਬਣਾਉਂਦੇ ਰਹਿਣਗੇ। ਅਬਦੁੱਲ੍ਹਾ ਦੇ ਬਿਆਨ ਤੋਂ ਇੱਕ ਦਿਨ ਪਹਿਲਾਂ ਸੀਨੀਅਰ ਕਾਂਗਰਸ ਆਗੂ ਗੁਲਾਮ ਨਬੀ ਆਜ਼ਾਦ ਅਤੇ ਜੀ-23 ਦੇ ਹੋਰਨਾਂ ਆਗੂਆਂ ਨੇ ਇਕੱਠੇ ਹੋ ਕੇ ਪਾਰਟੀ ਹਾਈ ਕਮਾਨ ਨੂੰ ਸੁਨੇਹਾ ਦਿੱਤਾ ਸੀ।
ਇੱਥੇ ਕਸ਼ਮੀਰੀ ਪੰਡਿਤਾਂ ਵੱਲੋਂ ਕਰਵਾਏ ਗਏ ਸਮਾਗਮ ਨੂੰ ਸੰਬੋਧਨ ਕਰਦਿਆਂ ਫਾਰੂਕ ਅਬਦੁੱਲ੍ਹਾ ਨੇ ਕਿਹਾ, ‘ਮੈਂ ਕਾਂਗਰਸ ਨੂੰ ਮਜ਼ਬੂਤ ਦੇਖਣਾ ਚਾਹੁੰਦਾ ਹਾਂ। ਮੈਂ ਚਾਹੁੰਦਾ ਹਾਂ ਕਿ ਕਾਂਗਰਸ ਇਕ ਹੋ ਕੇ ਦੇਸ਼ ’ਚ ਵੰਡ ਪਾਊ ਤਾਕਤਾਂ ਨਾਲ ਲੜੇ। ਕਾਂਗਰਸ ਵੱਲੋਂ ਦੇਸ਼ ਦੀਆਂ ਸਮੱਸਿਆਵਾਂ ਨੂੰ ਸੁਲਝਾਏ ਜਾਣ ਦੀ ਲੋਕ ਉਡੀਕ ਕਰ ਰਹੇ ਹਨ। ਇਹ ਇਸ ਦੇਸ਼ ਦਾ ਅੰਗ ਹੈ ਅਤੇ ਡੇਢ ਸੌ ਸਾਲ ਪੁਰਾਣੀ ਪਾਰਟੀ ਹੈ।’ ਬੀਤੇ ਦਿਨ ਜੰਮੂ ’ਚ ਕਾਂਗਰਸ ਆਗੂਆਂ ਦੇ ਇਕੱਠੇ ਹੋਣ ਬਾਰੇ ਸਵਾਲ ਦੇ ਜਵਾਬ ’ਚ ਅਬਦੁੱਲ੍ਹਾ ਨੇ ਕਿਹਾ, ‘ਉਹ (ਆਜ਼ਾਦ) ਕਾਂਗਰਸ ਦਾ ਹਿੱਸਾ ਹਨ ਅਤੇ ਉਹ ਸਾਰੇ ਜੋ ਆਏ ਸਨ, ਉਹ ਪਾਰਟੀ ਤੋਂ ਬਾਹਰ ਨਹੀਂ ਹਨ, ਉਹ ਕਾਂਗਰਸ ਦੇ ਸੀਨੀਅਰ ਨੇਤਾ ਹਨ।’ ਇੱਕ ਢਾਬਾ ਮਾਲਿਕ ਦੇ ਪੁੱਤਰ ਆਕਾਸ਼ ਮਹਿਰਾ ਦੇ ਕਤਲ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ’ਚ ਉਨ੍ਹਾਂ ਕਿਹਾ ਕਿ ਇਹ ਦੁੱਖ ਭਰੀ ਘਟਨਾ ਹੈ। -ਪੀਟੀਆਈ
ਕਾਂਗਰਸ ਵੱਲੋਂ ਤੇਲ ਕੀਮਤਾਂ ’ਚ ਵਾਧੇ ਖ਼ਿਲਾਫ਼ ਰੋਸ ਮੁਜ਼ਾਹਰਾ
ਜੰਮੂ: ਪੈਟਰੋਲ ਤੇ ਡੀਜ਼ਲ ਦੀਆਂ ਵੱਧਦੀਆਂ ਕੀਮਤਾਂ ਖ਼ਿਲਾਫ਼ ਰੋਸ ਮੁਜ਼ਾਹਰਾ ਕਰ ਰਹੇ ਜੰਮੂ ਕਸ਼ਮੀਰ ਕਾਂਗਰਸ ਕਮੇਟੀ ਦੇ ਪ੍ਰਧਾਨ ਜੀਏ ਮੀਰ ਨੂੰ ਪਾਰਟੀ ਦੇ ਦਰਜਨਾਂ ਵਰਕਰਾਂ ਸਮੇਤ ਪੁਲੀਸ ਨੇ ਹਿਰਾਸਤ ਵਿੱਚ ਲੈ ਲਿਆ। ਅਧਿਕਾਰੀਆਂ ਨੇ ਦੱਸਿਆ ਕਿ ਜੀਏ ਮੀਰ ਵੱਲੋਂ ਅੱਜ ਪਾਰਟੀ ਦੇ ਸੀਨੀਅਰ ਆਗੂਆਂ ਤੇ ਸਾਬਕਾ ਮੰਤਰੀਆਂ ਰਮਨ ਭੱਲਾ ਤੇ ਯੋਗੇਸ਼ ਸਾਹਨੀ ਸਮੇਤ ਤੇਲ ਕੀਮਤਾਂ ’ਚ ਵਾਧੇ ਖ਼ਿਲਾਫ਼ ਜਾਨੀਪੁਰ ਇਲਾਕੇ ’ਚ ਰੈਲੀ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਜਿਸ ਦੌਰਾਨ ਉਨ੍ਹਾਂ ਨੂੰ ਹਿਰਾਸਤ ’ਚ ਲੈ ਲਿਆ ਗਿਆ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨਾਲ ਵੱਡੀ ਗਿਣਤੀ ’ਚ ਪਾਰਟੀ ਵਰਕਰ ਤੇ ਹੋਰ ਹਮਾਇਤੀ ਵੀ ਸਨ। ਇਸ ਤੋਂ ਪਹਿਲਾਂ ਕਾਂਗਰਸ ਆਗੂਆਂ ਨੇ ਧਰਨਾ ਦੇ ਕੇ ਸਰਕਾਰ ਵਿਰੋਧੀ ਨਾਅਰੇਬਾਜ਼ੀ ਕਰਦਿਆਂ ਵਧੀਆਂ ਤੇਲ ਕੀਮਤਾਂ ਵਾਪਸ ਲੈਣ ਦੀ ਮੰਗ ਕੀਤੀ। ਮੀਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਅੱਜ ਕੀਤਾ ਗਿਆ ਰੋਸ ਮੁਜ਼ਾਹਰਾ ਕਾਂਗਰਸ ਵੱਲੋਂ ਉਲੀਕੇ ਗਏ 45 ਰੋਜ਼ਾ ਪ੍ਰੋਗਰਾਮ ਦਾ ਹੀ ਹਿੱਸਾ ਹੈ। ਇਸੇ ਦੌਰਾਨ ਰਾਂਚੀ ਵਿੱਚ ਵੀ ਕਾਂਗਰਸ ਵਰਕਰਾਂ ਨੇ ਤੇਲ ਤੇ ਗੈਸ ਕੀਮਤਾਂ ’ਚ ਵਾਧੇ ਖ਼ਿਲਾਫ਼ ਰੋਸ ਮੁਜ਼ਾਹਰਾ ਕੀਤਾ। -ਪੀਟੀਆਈ