ਜੰਮੂ, 9 ਅਗਸਤ
ਜੰਮੂ ਕਸ਼ਮੀਰ ਕਾਂਗਰਸ ਨੇ ਅੱਜ ਇੱਥੇ ਭੌਰ ਕੈਂਪ ਤੋਂ ਸਤਵਾੜੀ ਚੌਕ ਤੱਕ ‘ਆਜ਼ਾਦੀ ਕੀ ਗੌਰਵ ਪਦਯਾਤਰਾ’ ਕੱਢੀ। ਇਸ ਦੌਰਾਨ ਕਾਂਗਰਸ ਦੇ ਸੂਬਾਈ ਕਾਰਜਕਾਰੀ ਪ੍ਰਧਾਨ ਰਮਨ ਭੱਲਾ ਨੇ ਜੰਮੂ ਕਸ਼ਮੀਰ ਦਾ ਵਿਸ਼ੇਸ਼ ਰਾਜ ਦਾ ਦਰਜਾ ਬਹਾਲ ਕਰਨ ਦੀ ਮੰਗ ਮੁੜ ਦੁਹਰਾਈ। ਪੈਦਲ ਮਾਰਚ ਦੀ ਅਗਵਾਈ ਕਰ ਰਹੇ ਭੱਲਾ ਨੇ ਕਿਹਾ ਕਿ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਨ ਅਤੇ ਫਿਰਕੂ ਸਦਭਾਵਨਾ ਦਾ ਸੰਦੇਸ਼ ਫੈਲਾਉਣ ਲਈ ਦੇਸ਼ ਦੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮੌਕੇ ‘ਪਦਯਾਤਰਾ’ ਕੱਢੀ ਗਈ ਹੈ। ਇਹ ਪਦਯਾਤਰਾ 15 ਅਗਸਤ ਤੱਕ ਚੱਲੇਗੀ।
ਉਨ੍ਹਾਂ ਕਿਹਾ ਕਿ ਆਜ਼ਾਦੀ ਦਿਵਸ ਮਨਾਉਣ ਲਈ ਪਾਰਟੀ ਵੱਲੋਂ ਹਰੇਕ ਜ਼ਿਲ੍ਹੇ ਵਿੱਚ 75 ਕਿਲੋਮੀਟਰ ਤੱਕ ਮਾਰਚ ਕੱਢਿਆ ਜਾਵੇਗਾ। ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ’ਤੇ ਤਿੱਖਾ ਹਮਲਾ ਬੋਲਦਿਆਂ ਭੱਲਾ ਨੇ ਉਸ ’ਤੇ ਜਮਹੂਰੀਅਤ ਨੂੰ ਕੁਚਲਣ, ਸੰਵਿਧਾਨ ਦੀ ਉਲੰਘਣਾ ਕਰਨ ਅਤੇ ਸੰਸਥਾਵਾਂ ਦੀ ਦੁਰਵਰਤੋਂ ਕਰਨ ਤੋਂ ਇਲਾਵਾ ਸਮਾਜਿਕ ਤਾਣੇ-ਬਾਣੇ ਨੂੰ ਨੁਕਸਾਨ ਪਹੁੰਚਾਉਣ ਦਾ ਦੋਸ਼ ਲਾਇਆ। -ਪੀਟੀਆਈ