ਨਵੀਂ ਦਿੱਲੀ, 27 ਅਪਰੈਲ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਵਿਰੋਧੀ ਧਿਰ ਦੇ ਸ਼ਾਸਨ ਵਾਲੇ ਸੂਬਿਆਂ ਨੂੰ ਪੈਟਰੋਲ ਅਤੇ ਡੀਜ਼ਲ ਤੋਂ ਵੈਟ ਘਟਾਉਣ ਦੀ ਅਪੀਲ ’ਤੇ ਕਾਂਗਰਸ ਨੇ ਉਨ੍ਹਾਂ ’ਤੇ ਵਰ੍ਹਦਿਆਂ ਕਿਹਾ ਕਿ ਉਹ ‘ਜੁਮਲਿਆਂ ਤੇ ਧਿਆਨ ਭਟਕਾਉਣ’ ਦੀ ਥਾਂ ਤੇਲ ਕੀਮਤਾਂ ਤੋਂ ਐਕਸਾਈਜ਼ ਡਿਊਟੀ ਘਟਾਉਣ। ਯੂਪੀਏ ਸਰਕਾਰ ਦੌਰਾਨ ਐਕਸਾਈਜ਼ ਡਿਊਟੀ ਬਹੁਤ ਘੱਟ ਸੀ। ਸੁਰਜੇਵਾਲਾ ਨੇ ਟਵਿੱਟਰ ’ਤੇ ਕਿਹਾ,‘‘ਮੋਦੀ ਜੀ, ਕੋਈ ਆਲੋਚਨਾ ਨਹੀਂ, ਕੋਈ ਜੁਮਲਾ ਨਹੀਂ। ਕਾਂਗਰਸ ਸਰਕਾਰ ਸਮੇਂ ਪੈਟਰੋਲ ’ਤੇ ਐਕਸਾਈਜ਼ ਡਿਊਟੀ 9.48 ਰੁਪਏ ਅਤੇ ਡੀਜ਼ਲ ’ਤੇ 3.56 ਰੁਪਏ ਪ੍ਰਤੀ ਲਿਟਰ ਸੀ। ਮੋਦੀ ਸਰਕਾਰ ਸਮੇਂ ਪੈਟਰੋਲ ’ਤੇ 27.90 ਰੁਪਏ ਅਤੇ ਡੀਜ਼ਲ ’ਤੇ 21.80 ਰੁਪਏ ਪ੍ਰਤੀ ਲਿਟਰ ਐਕਸਾਈਜ਼ ਡਿਊਟੀ ਹੈ। ਬੇਨਤੀ ਹੈ ਕਿ ਪੈਟਰੋਲ ਤੋਂ 18.42 ਰੁਪਏ ਅਤੇ ਡੀਜ਼ਲ ਤੋਂ 18.24 ਰੁਪਏ ਪ੍ਰਤੀ ਲਿਟਰ ਐਕਸਾਈਜ਼ ਡਿਊਟੀ ਹਟਾਈ ਜਾਵੇ।’’ -ਪੀਟੀਆਈ