ਨਵੀਂ ਦਿੱਲੀ, 6 ਮਈ
ਕਾਂਗਰਸ ਨੇ ਵਿਸ਼ਵ ਸਿਹਤ ਸੰਸਥਾ (ਡਬਲਿਊਐੱਚਓ) ਵੱਲੋਂ ਕੋਵਿਡ ਕਾਰਨ ਭਾਰਤ ’ਚ 47 ਲੱਖ ਤੋਂ ਵੱਧ ਮੌਤਾਂ ਹੋਣ ਦਾ ਅਨੁਮਾਨ ਲਾਉਣ ਦੇ ਮੁੱਦੇ ’ਤੇ ਕੇਂਦਰ ਸਰਕਾਰ ਨੂੰ ਨਿਸ਼ਾਨੇ ’ਤੇ ਲਿਆ ਤੇ ਕਿਹਾ ਕਿ ਸਾਰੀਆਂ ਪਾਰਟੀਆਂ ਦੇ ਮੈਂਬਰਾਂ ਦੇ ਆਧਾਰ ’ਤੇ ਇੱਕ ਕਮਿਸ਼ਨ ਕਾਇਮ ਕਰਕੇ ਮੌਤਾਂ ਦੇ ਇਸ ਅੰਕੜੇ ਦੀ ਜਾਂਚ ਕਰਵਾਈ ਜਾਵੇ। ਕਾਂਗਰਸ ਨੇ ਨਾਲ ਹੀ ਹਰ ਮ੍ਰਿਤਕ ਦੇ ਪੀੜਤ ਪਰਿਵਾਰ ਨੂੰ 4 ਲੱਖ ਰੁਪਏ ਮੁਆਵਜ਼ਾ ਦਿੱਤੇ ਜਾਣ ਦੀ ਮੰਗ ਵੀ ਕੀਤੀ।
ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਸਮੇਤ ਪਾਰਟੀ ਦੇ ਕਈ ਆਗੂਆਂ ਨੇ ਕੇਂਦਰ ਸਰਕਾਰ ’ਤੇ ਅੰਕੜੇ ਛੁਪਾਉਣ ਦਾ ਦੋਸ਼ ਲਾਉਂਦਿਆਂ ਕਿਹਾ ਕਿ ਕੇਂਦਰ ਨੇ ਅਜਿਹਾ ਪੀੜਤ ਪਰਿਵਾਰਾਂ ਨੂੰ ਮੁਆਵਜ਼ਾ ਦੇਣ ਤੋਂ ਬਚਣ ਲਈ ਕੀਤਾ ਹੈ। ਰਾਹੁਲ ਗਾਂਧੀ ਨੇ ਟਵੀਟ ਕੀਤਾ, ‘47 ਲੱਖ ਭਾਰਤੀ ਨਾਗਰਿਕਾਂ ਦੀ ਮੌਤ ਕੋਵਿਡ-19 ਮਹਾਮਾਰੀ ਕਾਰਨ ਹੋਈ ਜਦਕਿ ਸਰਕਾਰ ਵੱਲੋਂ 4.8 ਲੱਖ ਲੋਕਾਂ ਦੀ ਮੌਤ ਹੋਣ ਦਾ ਦਾਅਵਾ ਕੀਤਾ ਗਿਆ ਹੈ। ਵਿਗਿਆਨ ਝੂਠ ਨਹੀਂ ਬੋਲਦਾ, ਮੋਦੀ ਬੋਲਦੇ ਹਨ।’ ਉਨ੍ਹਾਂ ਸਰਕਾਰ ਨੂੰ ਕਿਹਾ, ‘ਆਪਣੇ ਪਰਿਵਾਰਕ ਮੈਂਬਰ ਗੁਆਉਣ ਵਾਲੇ ਪਰਿਵਾਰਾਂ ਦੀ ਇੱਜ਼ਤ ਕਰੋ। ਅਜਿਹੇ ਹਰ ਪਰਿਵਾਰ ਨੂੰ 4 ਲੱਖ ਰੁਪਏ ਦਾ ਮੁਆਵਜ਼ਾ ਦੇ ਕੇ ਮਦਦ ਕੀਤੀ ਜਾਵੇ।’ ਪਾਰਟੀ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਟਵੀਟ ਕੀਤਾ, ‘ਕੋਵਿਡ ਤ੍ਰਾਸਦੀ ਦੌਰਾਨ ਜਦੋਂ ਕਰੋੜਾਂ ਲੋਕ ਆਪਣੇ ਪਰਿਵਾਰਕ ਮੈਂਬਰਾਂ ਲਈ ਆਕਸੀਜ਼ਨ, ਦਵਾਈਆਂ ਤੇ ਹਸਪਤਾਲਾਂ ’ਚ ਬੈੱਡਾਂ ਲਈ ਪ੍ਰੇਸ਼ਾਨ ਹੋ ਰਹੇ ਸਨ ਤਾਂ ਉਸ ਸਮੇਂ ਸਰਕਾਰ ਦਾ ਸਾਰਾ ਜ਼ੋਰ ਅੰਕੜਿਆਂ ਦੀ ਬਾਜ਼ੀਗਰੀ ’ਤੇ ਲੱਗਾ ਹੋਇਆ ਸੀ। ਦੇਸ਼ ਦੇ ਲੋਕਾਂ ਨੂੰ ਪਤਾ ਲੱਗਣਾ ਚਾਹੀਦਾ ਹੈ ਕਿ ਸਚਾਈ ਕੀ ਹੈ?’
ਕਾਂਗਰਸ ਦੇ ਬੁਲਾਰੇ ਗੌਰਵ ਵੱਲਭ ਨੇ ਪੱਤਰਕਾਰਾਂ ਨੂੰ ਕਿਹਾ ਕਿ ਮੋਦੀ ਸਰਕਾਰ ਨੇ ਇੱਕ ਵਾਰ ਫਿਰ ਭਾਰਤ ਦਾ ਸਿਰ ਆਲਮੀ ਮੰਚ ’ਤੇ ਨੀਵਾਂ ਕੀਤਾ ਹੈ। ਉਨ੍ਹਾਂ ਪਾਰਟੀ ਦੇ ਹੈੱਡਕੁਆਰਟਰ ’ਚ ਪ੍ਰੈੱਸ ਕਾਨਫਰੰਸ ਦੌਰਾਨ ਕੇਂਦਰ ਸਰਕਾਰ ਨੂੰ ਸਵਾਲ ਕੀਤਾ, ‘ਮੋਦੀ ਸਰਕਾਰ ਕਦੋਂ ਕਰੋਨਾ ਕਾਰਨ ਮਰਨ ਵਾਲਿਆਂ ਨੂੰ ਇੱਜ਼ਤ ਦੇਵੇਗੀ ਤੇ ਉਨ੍ਹਾਂ ਦੇ ਪੀੜਤ ਪਰਿਵਾਰਾਂ ਨੂੰ 4 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇਗਾ।’ -ਪੀਟੀਆਈ
ਡਬਲਿਊਐੱਚਓ ਦਾ ਡੇਟਾ ਤੇ ਕਾਂਗਰਸ ਦਾ ਬੇਟਾ ਦੋਵੇਂ ਗਲਤ: ਭਾਜਪਾ
ਨਵੀਂ ਦਿੱਲੀ: ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਅੱਜ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ’ਤੇ ਕਰੋਨਾ ਮਹਾਮਾਰੀ ਕਾਰਨ ਹੋਈਆਂ ਮੌਤਾਂ ਦੇ ਮੁੱਦੇ ’ਤੇ ਸਿਆਸਤ ਕਰਨ ਦਾ ਦੋਸ਼ ਲਾਇਆ। ਭਾਜਪਾ ਨੇ ਕਿਹਾ ਕਿ ਇਸ ਸਬੰਧ ’ਚ ਵਿਸ਼ਵ ਸਿਹਤ ਸੰਗਠਨ (ਡਬਲਿਊਐੱਚਓ) ਵੱਲੋਂ ਜਾਰੀ ਡੇਟਾ ਤੇ ਕਾਂਗਰਸ ਦਾ ਬੇਟਾ, ਦੋਵੇਂ ਗਲਤ ਹਨ। ਇੱਥੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਭਾਜਪਾ ਦੇ ਬੁਲਾਰੇ ਸੰਬਿਤ ਪਾਤਰਾ ਨੇ ਕਿਹਾ ਕਿ ਭਾਰਤ ’ਚ ਕਰੋਨਾ ਮਹਾਮਾਰੀ ਕਾਰਨ ਹੋਈਆਂ ਮੌਤਾਂ ਬਾਰੇ ਡਬਲਿਊਐੱਚਓ ਵੱਲੋਂ ਜਾਰੀ ਅੰਕੜੇ ਗਲਤ ਹਨ ਅਤੇ ਭਾਰਤ ਸਰਕਾਰ ਨੇ ਇਸ ਸਬੰਧੀ ਡਬਲਿਊਐੱਚਓ ਕੋਲ ਆਪਣੇ ਇਤਰਾਜ਼ ਵੀ ਦਰਜ ਕਰਵਾਏ ਹਨ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਲਗਾਤਾਰ ਭਾਰਤ ਨੂੰ ਨੀਂਵਾ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਸਮੇਂ ਸਮੇਂ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਭਾਜਪਾ ’ਤੇ ਹਮਲਾ ਕਰਦਿਆਂ ਭਾਰਤ ਨੂੰ ਨੀਵਾਂ ਦਿਖਾਇਆ ਹੈ। -ਪੀਟੀਆਈ