ਨਵੀਂ ਦਿੱਲੀ/ਮੁੰਬਈ, 29 ਅਗਸਤ
ਕਾਂਗਰਸ ਨੇ ਮਹਿੰਗਾਈ ਦੇ ਮੁੱਦੇ ’ਤੇ ਦੇਸ਼ ਦੇ 22 ਸ਼ਹਿਰਾਂ ’ਚ ਪ੍ਰੈੱਸ ਕਾਨਫਰੰਸਾਂ ਕਰਕੇ ਕੇਂਦਰ ਸਰਕਾਰ ’ਤੇ ਨਿਸ਼ਾਨਾ ਸੇਧਿਆ। ਕਾਂਗਰਸ ਨੇ ਕਿਹਾ ਕਿ ਲੋਕ ਮਹਿੰਗਾਈ ਅਤੇ ਬੇਰੁਜ਼ਗਾਰੀ ਤੋਂ ਪ੍ਰੇਸ਼ਾਨ ਹਨ ਪਰ ਸਰਕਾਰ ਨੇ ਮੁਲਕ ਨੂੰ ਨਫ਼ਰਤ ਦੀ ਅੱਗ ’ਚ ਸੁੱਟ ਦਿੱਤਾ ਹੈ। ਕਾਂਗਰਸ ਆਗੂ ਰਾਹੁਲ ਗਾਂਧੀ ਨੇ ਕਿਹਾ ਕਿ ਬੇਰੁਜ਼ਗਾਰੀ, ਮਹਿੰਗਾਈ ਅਤੇ ਵਧ ਰਹੀ ਨਫ਼ਰਤ ਜਿਹੀਆਂ ਵੱਡੀਆਂ ਸਮੱਸਿਆਵਾਂ ਨਾਲ ਮੁਲਕ ਜੂਝ ਰਿਹਾ ਹੈ। ਕਾਂਗਰਸ ਆਗੂਆਂ ਨੇ ਲੋਕਾਂ ਨੂੰ ਮਹਿੰਗਾਈ ’ਤੇ ਹੱਲਾ ਬੋਲ ਰੈਲੀ ਲਈ 4 ਸਤੰਬਰ ਨੂੰ ਦਿੱਲੀ ਦੇ ਰਾਮਲੀਲਾ ਮੈਦਾਨ ’ਚ ਆਉਣ ਦਾ ਸੱਦਾ ਦਿੱਤਾ ਹੈ। ਰਾਹੁਲ ਨੇ ਫੇਸਬੁੱਕ ਪੋਸਟ ’ਚ ਕਿਹਾ,‘‘ਤੁਸੀਂ ‘ਬਹੁਤ ਹੋਈ ਮਹਿੰਗਾਈ ਦੀ ਮਾਰ’ ਸ਼ਬਦ ਕਈ ਵਾਰ ਸੁਣਿਆ ਹੋਵੇਗਾ ਪਰ ਅੱਜ ਖੁਰਾਕੀ ਵਸਤਾਂ ’ਤੇ ਜੀਐੱਸਟੀ ਲਗਾ ਕੇ ਲੋਕਾਂ ਤੋਂ ਉਗਰਾਹੀ ਕੀਤੀ ਜਾ ਰਹੀ ਹੈ। ਹਰ ਸਾਲ ਦੋ ਕਰੋੜ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦਾ ਵਾਅਦਾ ਕੀਤਾ ਗਿਆ ਸੀ ਪਰ ਅੱਜ ਦੇਸ਼ ’ਚ ਪਿਛਲੇ 45 ਸਾਲਾਂ ’ਚ ਸਭ ਤੋਂ ਜ਼ਿਆਦਾ ਬੇਰੁਜ਼ਗਾਰੀ ਹੈ। ਇਹ ਆਖਿਆ ਗਿਆ ਸੀ ਕਿ ਅਸੀਂ 2022 ਤੱਕ ਵਿਸ਼ਵ ਗੁਰੂ ਬਣ ਜਾਵਾਂਗੇ ਪਰ ਅੱਜ ਦੇਸ਼ ਨੂੰ ਨਫ਼ਰਤ ਦੀ ਅੱਗ ’ਚ ਸੁੱਟ ਦਿੱਤਾ ਗਿਆ ਹੈ।’’ ਕਾਂਗਰਸ ਤਰਜਮਾਨ ਗੌਰਵ ਵੱਲਭ ਨੇ ਦਿੱਲੀ ’ਚ ਪ੍ਰੈੱਸ ਕਾਨਫਰੰਸ ਦੌਰਾਨ ਕੇਂਦਰ ’ਤੇ ਦੋਸ਼ ਲਾਇਆ ਕਿ ਉਹ ਵਿਰੋਧੀ ਧਿਰ ਨੂੰ ਚੁੱਪ ਕਰਾਉਣ ਲਈ ਸੀਬੀਆਈ ਅਤੇ ਈਡੀ ਦੀ ਦੁਰਵਰਤੋਂ ਕਰ ਰਿਹਾ ਹੈ ਪਰ ਪਾਰਟੀ ਮਹਿੰਗਾਈ ਖ਼ਿਲਾਫ਼ ਆਵਾਜ਼ ਉਠਾਉਣੀ ਜਾਰੀ ਰਖੇਗੀ। -ਪੀਟੀਆਈ