ਨਵੀਂ ਦਿੱਲੀ, 1 ਅਗਸਤ
ਕਾਂਗਰਸ ਨੇ ਗੁਜਰਾਤ ਵਿੱਚ ਜ਼ਹਿਰੀਲੀ ਸ਼ਰਾਬ, ਸੂਬਾਈ ਮੰਤਰੀ ਖਿਲਾਫ਼ ਜਬਰ-ਜਨਾਹ ਦੇ ਦੋਸ਼ਾਂ ਤੇ ਇਕ ਰੋਗ ਦੇ ਪਸਾਰੇ ਨਾਲ ਸਬੰਧਤ ਮੁੱਦਿਆਂ ਨੂੰ ਲੈ ਕੇ ਅੱਜ ਭਾਜਪਾ ਨੂੰ ਨਿਸ਼ਾਨਾ ਬਣਾਇਆ। ਪਾਰਟੀ ਨੇ ਦਾਅਵਾ ਕੀਤਾ ਕਿ ਉਸ ਨੂੰ ਸੰਸਦ ਵਿੱਚ ਇਨ੍ਹਾਂ ਮੁੱਦਿਆਂ ਨੂੰ ਰੱਖਣ ਦੀ ਇਜਾਜ਼ਤ ਨਹੀਂ ਦਿੱਤੀ ਗਈ।
ਕਾਂਗਰਸ ਤਰਜਮਾਨ ਸ਼ਕਤੀਸਿੰਹ ਗੋਹਿਲ ਨੇ ਸੰਸਦ ਦੇ ਬਾਹਰ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਦਾਅਵਾ ਕੀਤਾ ਕਿ ਸ਼ਰਾਬਬੰਦੀ ਦੇ ਬਾਵਜੂਦ ਗੁਜਰਾਤ ਵਿੱਚ ਜ਼ਹਿਰੀਲੀ ਸ਼ਰਾਬ ਕਰਕੇ 75 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦੋਂਕਿ ਕਈਆਂ ਦੀਆਂ ਅੱਖਾਂ ਦੀ ਰੋਸ਼ਨੀ ਚਲੀ ਗਈ ਹੈ ਜਾਂ ਕਈਆਂ ਦੇ ਗੁਰਦੇ ਖਰਾਬ ਹੋ ਗਏ ਹਨ। ਬੋਟਾੜ ਤੇ ਨੇੜਲੇ ਅਹਿਮਦਾਬਾਦ ਜ਼ਿਲ੍ਹੇ ਵਿੱਚ 25 ਜੁਲਾਈ ਨੂੰ ਜ਼ਹਿਰੀਲੀ ਸ਼ਰਾਬ ਪੀਣ ਕਰਕੇ ਘੱਟੋ-ਘੱਟ 42 ਵਿਅਕਤੀਆਂ ਦੀ ਜਾਨ ਜਾਂਦੀ ਰਹੀ ਸੀ। ਗੋਹਿਲ, ਜੋ ਰਾਜ ਸਭਾ ਮੈਂਬਰ ਵੀ ਹਨ, ਨੇ ਕਿਹਾ, ‘‘ਸਰਪੰਚ ਨੇ ਗੈਰਕਾਨੂੰਨੀ ਸ਼ਰਾਬ ਦੀ ਵਿਕਰੀ ਦਾ ਮਸਲਾ ਸੂਬੇ ਦੇ ਗ੍ਰਹਿ ਮੰਤਰੀ ਤੇ ਸਥਾਨਕ ਪੁਲੀਸ ਦੇ ਧਿਆਨ ਵਿੱਚ ਵੀ ਲਿਆਂਦਾ ਸੀ, ਪਰ ਕਿਉਂਕਿ ਉਹ (ਭਾਜਪਾ ਆਗੂ) ਪੈਸੇ ਲੈ ਰਹੇ ਹਨ, ਕੋਈ ਕਾਰਵਾਈ ਨਹੀਂ ਹੁੰਦੀ।’’ ਗੋਹਿਲ ਨੇ ਮੰਗ ਕੀਤੀ ਕਿ ਪੀੜਤ ਪਰਿਵਾਰਾਂ ਨੂੰ ਫੌਰੀ ਮੁਆਵਜ਼ਾ ਦਿੱਤਾ ਜਾਵੇ। -ਪੀਟੀਆਈ