ਨਵੀਂ ਦਿੱਲੀ, 12 ਸਤੰਬਰ
ਸੀਨੀਅਰ ਆਗੂ ਜੈਰਾਮ ਰਮੇਸ਼ ਨੇ ਅੱਜ ਕਿਹਾ ਕਿ ਮਜ਼ਬੂਤ ਕਾਂਗਰਸ ਵਿਰੋਧੀ ਧਿਰ ਦੀ ਇਕਜੁੱਟਤਾ ਦਾ ਮਹੱਤਵਪੂਰਨ ਥੰਮ੍ਹ ਹੈ ਤੇ ਇਸ ਦੇ ਸਹਿਯੋਗੀਆਂ ਨੂੰ ਸਮਝਣਾ ਚਾਹੀਦਾ ਹੈ ਕਿ ਪਾਰਟੀ ਖ਼ੁਦ ਨੂੰ ਕਮਜ਼ੋਰ ਨਹੀਂ ਹੋਣ ਦੇਵੇਗੀ। ਇੱਥੇ ਕਾਂਗਰਸ ਹੈੱਡਕੁਆਰਟਰ ’ਤੇ ਮੀਡੀਆ ਨਾਲ ਗੱਲ ਕਰਦਿਆਂ ਰਮੇਸ਼ ਨੇ ਕਿਹਾ ਕਿ ‘ਭਾਰਤ ਜੋੜੋ ਯਾਤਰਾ’ ਨੇ ਪਾਰਟੀ ਸੰਗਠਨ ਵਿਚ ਨਵੀਂ ਊਰਜਾ ਪੈਦਾ ਕਰ ਦਿੱਤੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਯਾਤਰਾ ਨੂੰ ਮਿਲ ਰਹੇ ਲੋਕਾਂ ਦੇ ਹੁੰਗਾਰੇ ਤੋਂ ਭਾਜਪਾ ਹਿੱਲ ਗਈ ਹੈ। ਰਮੇਸ਼ ਨੇ ਕਿਹਾ ਕਿ ਇਹ ਯਾਤਰਾ ਕਾਂਗਰਸ ਨੂੰ ਮਜ਼ਬੂਤ ਕਰਨ ’ਤੇ ਕੇਂਦਰਤ ਹੈ, ਜੋ ਕਿ ਵਿਰੋਧੀ ਧਿਰ ਦੇ ਏਕੇ ਲਈ ਵੀ ਮਹੱਤਵਪੂਰਨ ਹੈ। ਉਨ੍ਹਾਂ ਕਿਹਾ, ‘ਮੈਂ ਖ਼ੁਸ਼ ਹਾਂ ਕਿ ਭਾਰਤ ਜੋੜੋ ਯਾਤਰਾ ਸ਼ੁਰੂ ਹੋਣ ਤੋਂ ਬਾਅਦ ਸਾਰਿਆਂ ਨੇ ਦੇਖਿਆ ਹੈ ਕਿ ਹਾਥੀ ਜਾਗ ਗਿਆ ਹੈ, ਹਾਥੀ ਅੱਗੇ ਵੱਧ ਰਿਹਾ ਹੈ ਤੇ ਸਾਰੀਆਂ ਪਾਰਟੀਆਂ ਦੇਖ ਰਹੀਆਂ ਹਨ ਕਿ ਕਾਂਗਰਸ ਕੀ ਕਰ ਰਹੀ ਹੈ।’ ਸੀਨੀਅਰ ਕਾਂਗਰਸ ਆਗੂ ਨੇ ਕਿਹਾ ਕਿ ਭਾਜਪਾ ਤੇ ਕਾਂਗਰਸ ਦੇ ਸਾਥੀਆਂ ਦੇ ਬਿਆਨ ਆਉਂਦੇ ਰਹਿਣਗੇ, ਰਮੇਸ਼ ਨੇ ਕਿਹਾ ਕਿ ਵਿਰੋਧੀ ਧਿਰ ਦਾ ਏਕਾ ਉਦੋਂ ਹੀ ਸੰਭਵ ਹੋਵੇਗਾ ਜਦ ਕਾਂਗਰਸ ਮਜ਼ਬੂਤ ਹੋਵੇਗੀ। ਉਨ੍ਹਾਂ ਕਿਹਾ, ‘ਯਾਤਰਾ ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰਨ ਲਈ ਹੈ, ਜੇ ਇਹ ਵਿਰੋਧੀ ਧਿਰਾਂ ਨੂੰ ਵੀ ਇਕ ਮੰਚ ਉਤੇ ਲਿਆਉਂਦੀ ਹੈ ਤਾਂ ਚੰਗੀ ਗੱਲ ਹੈ ਤੇ ਅਸੀਂ ਇਸ ਦਾ ਸਵਾਗਤ ਕਰਦੇ ਹਾਂ।’ ਰਮੇਸ਼ ਨੇ ਦੱਸਿਆ ਕਿ ‘ਕੰਨਿਆਕੁਮਾਰੀ ਤੋਂ ਕਸ਼ਮੀਰ’ ਤੱਕ ਦੀ ਯਾਤਰਾ ਨੂੰ ਪੰਜ ਦਿਨ ਹੋ ਗਏ ਹਨ। ਅੱਜ ਸ਼ਾਮ ਤੱਕ 102 ਕਿਲੋਮੀਟਰ ਮੁਕੰਮਲ ਹੋ ਜਾਣਗੇ। -ਪੀਟੀਆਈ
ਕੇਰਲਾ ’ਚ ਯਾਤਰਾ ਨੂੰ ਭਰਵਾਂ ਹੁੰਗਾਰਾ
ਤਿਰੂਵਨੰਤਪੁਰਮ: ਕਾਂਗਰਸ ਦੀ ‘ਭਾਰਤ ਜੋੜੋ ਯਾਤਰਾ’ ਨੂੰ ਕੇਰਲਾ ਵਿਚ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਸੂਬੇ ਵਿਚ ਯਾਤਰਾ ਦਾ ਅੱਜ ਦੂਜਾ ਦਿਨ ਸੀ। ਰਾਜ ਦੀਆਂ ਗਲੀਆਂ-ਸੜਕਾਂ ’ਤੇ ਰਾਹੁਲ ਗਾਂਧੀ ਨੂੰ ਸਮਰਥਨ ਦੇਣ ਲਈ ਹਜ਼ਾਰਾਂ ਦੀ ਗਿਣਤੀ ਵਿਚ ਲੋਕ ਕਤਾਰਾਂ ਬੰਨ੍ਹ ਕੇ ਖੜ੍ਹੇ ਹਨ। ਗਾਂਧੀ ਨੇ ਅੱਜ ਆਪਣੀ ਯਾਤਰਾ ਇੱਥੋਂ ਦੇ ਵੇਲਾਯਾਨੀ ਜੰਕਸ਼ਨ ਤੋਂ ਸ਼ੁਰੂ ਕੀਤੀ। ਰਾਹੁਲ ਗਾਂਧੀ ਨੇ ਇਕ ਫੇਸਬੁੱਕ ਪੋਸਟ ਵਿਚ ਕਿਹਾ, ‘ਹਰ ਸਵੇਰ ਮੈਨੂੰ ਇਕ ਉਮੀਦ ਤੇ ਵਿਸ਼ਵਾਸ ਨਾਲ ਭਰਦੀ ਹੈ ਕਿ ਬਿਹਤਰ ਕੱਲ੍ਹ ਭਾਰਤ ਅਤੇ ਸਾਡੀ ਨੌਜਵਾਨ ਪੀੜ੍ਹੀ ਦੀ ਉਡੀਕ ਵਿਚ ਹੈ।’ -ਪੀਟੀਆਈ
ਯਾਤਰਾ ਨੂੰ ਮਿਲੇ ਹੁੰਗਾਰੇ ਮਗਰੋਂ ਭਾਜਪਾ ਦੀ ‘ਝੂਠ ਫੈਕਟਰੀ’ ਸਰਗਰਮ ਹੋਈ: ਕਾਂਗਰਸ
ਨਵੀਂ ਦਿੱਲੀ: ਕਾਂਗਰਸ ਨੇ ਦੋਸ਼ ਲਾਇਆ ਹੈ ਕਿ ‘ਭਾਰਤ ਜੋੜੋ ਯਾਤਰਾ’ ਨੂੰ ਮਿਲ ਰਹੇ ਲੋਕਾਂ ਦੇ ਹੁੰਗਾਰੇ ਤੋਂ ਘਬਰਾਈ ਭਾਜਪਾ ਦੀ ‘ਝੂਠ ਦੀ ਫੈਕਟਰੀ’ ਦਿਨ-ਰਾਤ ਸਰਗਰਮ ਹੈ। ਸੀਨੀਅਰ ਕਾਂਗਰਸ ਆਗੂ ਨੇ ਇਸ ਮੌਕੇ ਭਾਜਪਾ ਦੇ ਕੈਬਨਿਟ ਮੰਤਰੀਆਂ ’ਤੇ ਵੀ ਨਿਸ਼ਾਨਾ ਸੇਧਿਆ ਤੇ ਝੂਠ ਫੈਲਾਉਣ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ ਯਾਤਰਾ ਹੁਣ ਤਾਮਿਲਨਾਡੂ ’ਚੋਂ ਨਿਕਲ ਕੇਰਲਾ ਵਿਚ ਦਾਖਲ ਹੋ ਗਈ ਹੈ ਤੇ ਲੋਕਾਂ ਵਿਚ ਉਤਸ਼ਾਹ ਹੈ। ਦੂਜੇ ਰਾਜਾਂ ਵਿਚ ਵੀ ਯਾਤਰਾ ਲਈ ਉਤਸ਼ਾਹ ਹੈ। ਭਾਜਪਾ ਤੇ ਕਾਂਗਰਸ ਵਿਚਾਲੇ ਤਿੱਖੇ ਸ਼ਬਦੀ ਤਕਰਾਰ ’ਤੇ ਟਿੱਪਣੀ ਕਰਦਿਆਂ ਰਮੇਸ਼ ਨੇ ਕਿਹਾ ਕਿ, ‘ਜੇ ਉਹ ਹਮਲਾਵਰ ਹੋਣਗੇ ਤਾਂ ਅਸੀਂ ਦੁੱਗਣਾ ਹੱਲਾ ਬੋਲਾਂਗੇ। ਪਰ ਭਾਰਤ ਜੋੜੋ ਯਾਤਰਾ ਲੋਕਾਂ ਨੂੰ ਜੋੜਨ ਲਈ ਹੈ।’ -ਪੀਟੀਆਈ