ਨਵੀਂ ਦਿੱਲੀ, 8 ਜੁਲਾਈ
ਹੁਕਮਰਾਨ ਭਾਜਪਾ ਦੇ ਰਾਸ਼ਟਰਵਾਦ ਨੂੰ ਪਖੰਡ ਕਰਾਰ ਦਿੰਦਿਆਂ ਕਾਂਗਰਸ ਨੇ ਦੋਸ਼ ਲਾਇਆ ਕਿ ਉਸ ਨੂੰ ਆਜ਼ਾਦੀ ਸੰਘਰਸ਼ ਅਤੇ ਉਸ ਦੇ ਪ੍ਰਤੀਕਾਂ ਦੀ ਕੋਈ ਸਮਝ ਨਹੀਂ ਹੈ। ਉਨ੍ਹਾਂ ਮੰਗ ਕੀਤੀ ਕਿ ਨੈਸ਼ਨਲ ਫਲੈਗ ਕੋਡ ’ਚ ਸੋਧ ਵਾਪਸ ਲਈ ਜਾਵੇ ਜੋ ਪੋਲਿਸਟਰ ਝੰਡੇ ਬਣਾਉਣ ਅਤੇ ਉਨ੍ਹਾਂ ਦੀ ਦਰਾਮਦ ਦੀ ਇਜਾਜ਼ਤ ਦਿੰਦੀ ਹੈ। ਕਾਂਗਰਸ ਵੱਲੋਂ ਅਤਿਵਾਦ ਦੇ ਮੁੱਦੇ ’ਤੇ ਭਾਜਪਾ ਨੂੰ ਘੇਰਨ ਲਈ ਸ਼ਨਿਚਰਵਾਰ ਨੂੰ 22 ਸ਼ਹਿਰਾਂ ’ਚ ਪ੍ਰੈੱਸ ਕਾਨਫਰੰਸਾਂ ਕਰਨ ਦਾ ਐਲਾਨ ਕੀਤਾ ਹੈ।
ਕਾਂਗਰਸ ਤਰਜਮਾਨ ਅਜੋਇ ਕੁਮਾਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚੀਨ ਤੋਂ ਭਾਰਤੀ ਝੰਡਿਆਂ ਦੀ ਵੱਡੇ ਪੱਧਰ ’ਤੇ ਦਰਾਮਦ ਦੇ ਰਾਹ ਖੋਲ੍ਹ ਦਿੱਤੇ ਹਨ। ਇਹ ਫ਼ੈਸਲਾ ਉਸ ਸਮੇਂ ਲਿਆ ਗਿਆ ਹੈ ਜਦੋਂ ਚੀਨੀ ਫ਼ੌਜ ਨੇ ਲੱਦਾਖ ’ਚ ਭਾਰਤੀ ਇਲਾਕੇ ’ਤੇ ਇਕ ਹਜ਼ਾਰ ਸਕੁਏਅਰ ਕਿਲੋਮੀਟਰ ਕਬਜ਼ਾ ਕਰ ਲਿਆ ਹੈ। ਕਾਂਗਰਸ ਨੇ ਕਰਨਾਟਕ ਖਾਦੀ ਗ੍ਰਾਮਉਦਯੋਗ ਸੰਯੁਕਤ ਸੰਘ ਵੱਲੋਂ 30 ਜੁਲਾਈ ਨੂੰ ‘ਧਵੱਜ ਸੱਤਿਆਗ੍ਰਹਿ’ ਨੂੰ ਹਮਾਇਤ ਦੇਣ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਭਾਰਤੀਆਂ ਨੂੰ ‘ਵੋਕਲ ਫਾਰ ਲੋਕਲ’ ਦਾ ਹੋਕਾ ਦਿੰਦੇ ਹਨ ਪਰ ਫ਼ੈਸਲੇ ‘ਸ਼ੰਘਾਈ ਕੀ ਮਹਿੰਗਾਈ’ ਨਾਲ ਜੁੜੇ ਹੁੰਦੇ ਹਨ। -ਪੀਟੀਆਈ