ਨਵੀਂ ਦਿੱਲੀ, 9 ਜੁਲਾਈ
ਰਨਾਟਕ ਵਿੱਚ ਅਗਲੇ ਵਰ੍ਹੇ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਕਾਂਗਰਸ ਨੇ ਅੱਜ ਸਿਆਸੀ ਮਾਮਲਿਆਂ ਬਾਰੇ ਕਮੇਟੀ (ਪੀਏਸੀ) ਕਾਇਮ ਕੀਤੀ ਜਿਸ ਵਿੱਚ ਸੂੁਬੇ ਤੋਂ ਪਾਰਟੀ ਦੇ ਕਈ ਵੱਡੇ ਨੇਤਾ ਸ਼ਾਮਲ ਹਨ। ਪਾਰਟੀ ਨੇ ਪੰਜ ਨਵੇਂ ਸਕੱਤਰਾਂ ਦੀ ਨਿਯੁਕਤੀ ਵੀ ਕੀਤੀ ਹੈ ਜਿਹੜੇ ਪਾਰਟੀ ਦੇ ਜਨਰਲ ਸਕੱਤਰ ਅਤੇ ਕਰਨਾਟਕ ਦੇ ਇੰਚਾਰਜ ਰਣਦੀਪ ਸੁਰਜੇਵਾਲਾ ਨਾਲ ਸਬੰਧਤ ਹੋਣਗੇ। ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਕਰਨਾਟਕ ਦੇ ਸਿਆਸੀ ਮਾਮਲਿਆਂ ਬਾਰੇ 22 ਮੈਂਬਰੀ ਕਮੇਟੀ ਕਾਇਮ ਕੀਤੀ ਹੈ ਜਿਸ ਦਾ ਕਨਵੀਨਰ ਰਣਦੀਪ ਸੁਰਜੇਵਾਲਾ ਨੂੰ ਬਣਾਇਆ ਗਿਆ ਹੈ। ਪਾਰਟੀ ਦੇ ਸੰਗਠਨ ਜਨਰਲ ਸਕੱਤਰ ਕੇ.ਸੀ. ਵੇਣੂਗੋਪਾਲ ਮੁਤਾਬਕ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਡੀ. ਸ੍ਰੀਧਰ ਬਾਬੂ, ਪੀ.ਸੀ. ਵਿਸ਼ਣੂਨਾਥ, ਰੋਜ਼ੀ ਐੱਮ. ਜਾਨ, ਮਯੂਰ ਜੈਕੁਮਾਰ ਅਤੇ ਅਭਿਸ਼ੇਕ ਦੱਤ ਨੂੰ ਆਲ ਇੰਡੀਆ ਕਾਂਗਰਸ ਕਮੇਟੀ ਦਾ ਸਕੱਤਰ ਨਿਯੁਕਤ ਕੀਤਾ ਹੈ। ਪਾਰਟੀ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਕਿ ਕੁਲਦੀਪ ਰਾਏ ਸ਼ਰਮਾ ਅਤੇ ਰਮਿੰਦਰ ਸਿੰਘ ਆਵਲਾ ਨੂੰ ਆਲ ਇੰਡੀਆ ਕਾਂਗਰਸ ਕਮੇਟੀ ਦੇ ਸਕੱਤਰ ਦੀ ਜ਼ਿੰਮੇਵਾਰੀ ਤੋਂ ਮੁਕਤ ਕੀਤਾ ਗਿਆ ਹੈ।