ਨਵੀਂ ਦਿੱਲੀ, 7 ਜਨਵਰੀ
ਚੀਨ ਵੱਲੋਂ ਪੂਰਬੀ ਲੱਦਾਖ ’ਚ ਪੈਂਗੌਂਗ ਝੀਲ ’ਤੇ ਪੁਲ ਦੀ ਉਸਾਰੀ ਦੀਆਂ ਰਿਪੋਰਟਾਂ ਦਰਮਿਆਨ ਕਾਂਗਰਸ ਨੇ ਦੇਸ਼ ਦੀਆਂ ਸਰਹੱਦਾਂ ’ਤੇ ਵਾਪਰ ਰਹੇ ਘਟਨਾਕ੍ਰਮ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਜਵਾਬ ਮੰਗਿਆ ਹੈ। ਕਾਂਗਰਸ ਆਗੂ ਰਾਹੁਲ ਗਾਂਧੀ ਨੇ ਟਵੀਟ ਕਰਕੇ ਕਿਹਾ,‘‘ਸਾਡੀਆਂ ਸਰਹੱਦਾਂ ’ਤੇ ਕੌਮੀ ਸੁਰੱਖਿਆ ਦੀ ਵੱਡੀ ਖਾਮੀ ਸਾਹਮਣੇ ਆ ਰਹੀ ਹੈ। ਕੀ ਪ੍ਰਧਾਨ ਮੰਤਰੀ ਇਸ ਬਾਰੇ ਕਦੇ ਕੋਈ ਜਵਾਬ ਦੇਣਗੇ?’’ ਉਧਰ ਰਾਜ ਸਭਾ ’ਚ ਵਿਰੋਧੀ ਧਿਰ ਦੇ ਆਗੂ ਮਲਿਕਾਰਜੁਨ ਖੜਗੇ ਨੇ ਕਿਹਾ ਕਿ ਦੇਸ਼ ਦੇ 70 ਸਾਲਾਂ ਦੇ ਇਤਿਹਾਸ ’ਚ ਪਹਿਲੀ ਵਾਰ ਹੋ ਰਿਹਾ ਹੈ ਕਿ ਪ੍ਰਧਾਨ ਮੰਤਰੀ ਆਪਣੀ ਪਾਰਟੀ ਦੇ ਵਰਕਰਾਂ ਤੋਂ ਹੀ ਸੁਰੱਖਿਆ ਨੂੰ ਲੈ ਕੇ ਫਿਕਰਮੰਦ ਹੈ ਜਦਕਿ ਕੋਈ ਹੋਰ ਪ੍ਰਧਾਨ ਮੰਤਰੀ ਹੁੰਦਾ ਤਾਂ ਉਹ ਪੈਂਗੌਂਗ ਅਤੇ ਅਰੁਣਾਚਲ ਪ੍ਰਦੇਸ਼ ’ਚ ਗੰਭੀਰ ਕੌਮੀ ਸੁਰੱਖਿਆ ਖਾਮੀਆਂ ’ਤੇ ਧਿਆਨ ਕੇਂਦਰਤ ਕਰਦਾ। ਉਨ੍ਹਾਂ ਫਿਰੋਜ਼ਪੁਰ ’ਚ 5 ਜਨਵਰੀ ਨੂੰ ਪ੍ਰਧਾਨ ਮੰਤਰੀ ਦੇ ਕਾਫ਼ਲੇ ਨੇੜੇ ਭਾਜਪਾ ਵਰਕਰਾਂ ਵੱਲੋਂ ਨਾਅਰੇ ਲਗਾਉਣ ਦਾ ਵੀਡੀਓ ਵੀ ਸਾਂਝਾ ਕੀਤਾ ਹੈ। ਭਾਰਤ ਪੂਰਬੀ ਲੱਦਾਖ ’ਚ ਪੈਂਗੌਂਗ ਝੀਲ ’ਤੇ ਚੀਨ ਵੱਲੋਂ ਉਸਾਰੇ ਜਾ ਰਹੇ ਪੁਲ ’ਤੇ ਨੇੜਿਉਂ ਨਜ਼ਰ ਰੱਖ ਰਿਹਾ ਹੈ। ਭਾਰਤ ਨੇ ਕਿਹਾ ਕਿ ਉਹ ਅਜਿਹੇ ਕਿਸੇ ਵੀ ਗ਼ੈਰਕਾਨੂੰਨੀ ਕਬਜ਼ੇ ਨੂੰ ਕਦੇ ਵੀ ਸਵੀਕਾਰ ਨਹੀਂ ਕਰਦਾ ਹੈ। -ਪੀਟੀਆਈ
ਚੀਨ ਵੱਲੋਂ ਨਾਂ ਬਦਲਣ ਨਾਲ ਸਾਡੀ ਸਥਿਤੀ ’ਚ ਫਰਕ ਨਹੀਂ ਪੈਂਦਾ: ਰਿਜਿਜੂ
ਈਟਾਨਗਰ: ਕੇਂਦਰੀ ਮੰਤਰੀ ਕਿਰਨ ਰਿਜਿਜੂ ਨੇ ਚੀਨ ਵੱਲੋਂ ਅਰੁਣਾਚਲ ਪ੍ਰਦੇਸ਼ ਵਿਚਲੀਆਂ ਕੁਝ ਥਾਵਾਂ ਦੇ ਨਾਂ ਬਦਲਣ ਦੀ ਕਾਰਵਾਈ ਨੂੰ ਖਾਰਜ ਕਰਦਿਆਂ ਕਿਹਾ ਕਿ ਦੇਸ਼ ਦੇ ਬਾਹਰ ਕਿਸੇ ਵੱਲੋਂ ਭਾਰਤ ਦੀਆਂ ਥਾਵਾਂ ਦੇ ਨਾਂ ਬਦਲਣ ਨਾਲ ਉਨ੍ਹਾਂ ਦੀ ਸਥਿਤੀ ’ਚ ਕੋਈ ਫਰਕ ਨਹੀਂ ਪਵੇਗਾ। ਕੇਂਦਰੀ ਕਾਨੂੰਨ ਤੇ ਨਿਆਂ ਮੰਤਰੀ ਨੇ ਕਿਹਾ ਕਿ ਇਸ ਤਰ੍ਹਾਂ ਨਾਂ ਬਦਲਿਆ ਜਾਣਾ ਕਿਸੇ ਨੂੰ ਵੀ ਮਨਜ਼ੂਰ ਨਹੀਂ ਹੋਵੇਗਾ। ਉਨ੍ਹਾਂ ਬੀਤੇ ਦਿਨ ਇੱਕ ਸਮਾਗਮ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ‘ਅਰੁਣਾਚਲ ਦਾ ਨਾਂ ਦੇਸ਼ ਨੇ ਦਿੱਤਾ ਹੈ ਅਤੇ ਉਹ ਸਭ ਨੂੰ ਪ੍ਰਵਾਨ ਹੈ। ਸਾਡੇ ਰਵਾਇਤੀ ਨਾਂ, ਸਾਡੇ ਭਾਈਚਾਰੇ ਦੀ ਹਮੇਸ਼ਾ ਪਛਾਣ ਬਣੇ ਰਹਿਣਗੇ। ਜੇਕਰ ਬਾਹਰ ਦਾ ਕੋਈ ਕੁਝ ਨਾਂ ਦਿੰਦਾ ਹੈ ਤਾਂ ਉਸ ਨਾਲ ਸਾਡੀ ਸਥਿਤੀ ਨਹੀਂ ਬਦਲੇਗੀ।’
ਰਿਜਿਜੂ ਅਰੁਣਾਚਲ ਪ੍ਰਦੇਸ਼ ’ਚ 15 ਥਾਵਾਂ ਦੇ ਨਾਂ ਪੇਈਚਿੰਗ ਵੱਲੋਂ ਬਦਲੇ ਜਾਣ ਨਾਲ ਜੁੜੇ ਇੱਕ ਸਵਾਲ ਦਾ ਜਵਾਬ ਦੇ ਰਹੇ ਸਨ। ਉਨ੍ਹਾਂ ਪੁੱਛਿਆ, ‘ਜੇਕਰ ਦੇਸ਼ ਦੇ ਬਾਹਰ ਦਾ ਕੋਈ ਨਾਂ ਬਦਲ ਦਿੰਦਾ ਹੈ ਤਾਂ ਕੀ ਅਸੀਂ ਉਸ ਨੂੰ ਸਵੀਕਾਰ ਕਰ ਲਵਾਂਗੇ? ਸਾਡੇ ਮਾਪਿਆਂ ਵੱਲੋਂ ਦਿੱਤੇ ਗਏ ਨਾਂ ਹੀ ਅਸਲੀ ਹੁੰਦੇ ਹਨ। ਜੇਕਰ ਕੋਈ ਤੁਹਾਡਾ ਜਬਰੀ ਨਾਂ ਬਦਲ ਦਿੰਦਾ ਹੈ ਤਾਂ ਕੀ ਤੁਸੀਂ ਉਸ ਨੂੰ ਸਵੀਕਾਰ ਕਰੋਗੇ?’ ਉਨ੍ਹਾਂ ਕਿਹਾ ਕਿ ਚੀਨ ਵੱਲੋਂ ਅਰੁਣਾਚਲ ਪ੍ਰਦੇਸ਼ ਦੀਆਂ ਕੁਝ ਥਾਵਾਂ ਦੇ ਨਾਂ ਬਦਲੇ ਜਾਣ ਨੂੰ ਭਾਰਤ ਪਹਿਲਾਂ ਹੀ ਖਾਰਜ ਕਰ ਚੁੱਕਾ ਹੈ ਅਤੇ ਰਾਜ ਹਮੇਸ਼ਾ ਭਾਰਤ ਦਾ ਅਨਿਖੜ ਅੰਗ ਰਿਹਾ ਹੈ ਅਤੇ ਹਮੇਸ਼ਾ ਰਹੇਗਾ।
ਜ਼ਿਕਰਯੋਗ ਹੈ ਕਿ ਚੀਨ ਵੱਲੋਂ ਦਾਅਵਾ ਕੀਤਾ ਜਾਂਦਾ ਹੈ ਕਿ ਅਰੁਣਾਚਲ ਪ੍ਰਦੇਸ਼ ਦੱਖਣੀ ਤਿੱਬਤ ਦਾ ਹਿੱਸਾ ਹੈ। ਚੀਨ ਦੇ ਨਾਗਰਿਕ ਮਾਮਲਿਆਂ ਬਾਰੇ ਮੰਤਰਾਲੇ ਨੇ 29 ਦਸੰਬਰ 2021 ਨੂੰ ਅਰੁਣਾਚਲ ਪ੍ਰਦੇਸ਼ ਦੀਆਂ 15 ਥਾਵਾਂ ਦੇ ਨਾਂ ਬਦਲਣ ਦਾ ਐਲਾਨ ਕੀਤਾ ਸੀ।
-ਪੀਟੀਆਈ