ਨਵੀਂ ਦਿੱਲੀ, 8 ਜੁਲਾਈ
ਕਾਂਗਰਸ ਦੇ 11 ਲੋਕ ਸਭਾ ਮੈਂਬਰਾਂ ਨੇ ਸਪੀਕਰ ਓਮ ਬਿਰਲਾ ਨੂੰ ਪੱਤਰ ਲਿਖ ਕੇ ਭਾਜਪਾ ਦੇ ਤਿੰਨ ਸੰਸਦ ਮੈਂਬਰਾਂ ਰਾਜਵਰਧਨ ਸਿੰਘ ਰਠੌੜ, ਸੁਬਰਤ ਪਾਠਕ ਅਤੇ ਭੋਲਾ ਸਿੰਘ ਵੱਲੋਂ ਰਾਹੁਲ ਗਾਂਧੀ ਦੀ ਛੇੜਛਾੜ ਵਾਲੀ ਅਤੇ ਫਰਜ਼ੀ ਵੀਡੀਓ ਸੋਸ਼ਲ ਮੀਡੀਆ ’ਤੇ ਸ਼ੇਅਰ ਕਰਨ ਦੇ ‘ਅਨੈਤਿਕ ਵਿਹਾਰ’ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਦੀ ਛੇੜਛਾੜ ਕੀਤੀ ਅਤੇ ਫਰਜ਼ੀ ਵੀਡੀਓ ਵਾਇਰਲ ਕਰਨ ਨਾਲ ਦੇਸ਼ ਦੇ ਸਮਾਜਿਕ ਤਾਣੇ-ਬਾਣੇ ਲਈ ਖ਼ਤਰਾ ਪੈਦਾ ਹੋ ਸਕਦਾ ਹੈ। ਲੋਕ ਸਭਾ ਵਿੱਚ ਪਾਰਟੀ ਦੇ ਨੇਤਾ ਅਧੀਰ ਰੰਜਨ ਚੌਧਰੀ ਸਣੇ ਕਾਂਗਰਸੀ ਸੰਸਦ ਮੈਂਬਰਾਂ ਨੇ ਉਨ੍ਹਾਂ (ਸਪੀਕਰ) ਨੂੰ ਅਪੀਲ ਕੀਤੀ ਕਿ ਉਨ੍ਹਾਂ ਦੀ ਸ਼ਿਕਾਇਤ ਪੜਤਾਲ ਅਤੇ ਜ਼ਰੂਰੀ ਕਾਰਵਾਈ ਲਈ ਨੈਤਿਕਤਾ ਬਾਰੇ ਸੰਸਦ ਦੀ ਕਮੇਟੀ ਨੂੰ ਭੇਜੀ ਜਾਵੇ। ਸੰਸਦ ਮੈਂਬਰਾਂ ਨੇ ਕਿਹਾ ਕਿ ਛੇੜਛਾੜ ਕੀਤੀ ਹੋਈ ਵੀਡੀਓ ਲੋਕਾਂ ਵਿੱਚ ਭੜਕਾਹਟ ਪੈਦਾ ਕਰ ਸਕਦੀ ਹੈ। -ਪੀਟੀਆਈ