ਨਵੀਂ ਦਿੱਲੀ: ਕਾਂਗਰਸ ਨੂੰ 2019-20 ਵਿੱਚ 139 ਕਰੋੜ ਰੁਪਏ ਤੋਂ ਵੱਧ ਦਾ ਚੰਦਾ ਮਿਲਿਆ ਸੀ। ਪਾਰਟੀ ਦੇ ਮੈਂਬਰਾਂ ਵਿੱਚੋਂ ਸੀਨੀਅਰ ਆਗੂ ਕਪਿਲ ਸਿੱਬਲ ਨੇ ਪਾਰਟੀ ਦੇ ਖ਼ਜ਼ਾਨੇ ’ਚ ਸਭ ਤੋਂ ਵੱਧ 3 ਕਰੋੜ ਰੁਪਏ ਦਾ ਯੋਗਦਾਨ ਪਾਇਆ ਹੈ। ਇਹ ਖੁਲਾਸਾ ਚੋਣ ਕਮਿਸ਼ਨ ਵੱਲੋਂ 2019-20 ਵਿੱਚ ਕਾਂਗਰਸ ਨੂੰ ਮਿਲੇ ਚੰਦੇ ਨਾਲ ਜੁੜੀ ਇੱਕ ਰਿਪੋਰਟ ਕੀਤਾ ਗਿਆ ਹੈ। ਚੰਦੇ ਸਬੰਧੀ ਦਸਤਾਵੇਜ਼ ਪਿਛਲੇ ਸਾਲ ਪਾਰਟੀ ਦੇ ਅੰਤਰਿਮ ਖਜ਼ਾਨਚੀ ਪਵਨ ਬਾਂਸਲ ਵੱਲੋਂ ਚੋਣ ਕਮਿਸ਼ਨ ਨੂੰ ਸੌਂਪੇ ਗਏ ਸਨ। ਰਿਪੋਰਟ ਮੁਤਾਬਕ ਪਹਿਲੀ ਅਪਰੈਲ 2019 ਤੋਂ 31 ਮਾਰਚ 2020 ਦਰਮਿਆਨ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ 54 ਹਜ਼ਾਰ ਤੇ ਪਾਰਟੀ ਦੀ ਪ੍ਰਧਾਨ ਸੋਨੀਆ ਗਾਂਧੀ ਨੇ 50 ਹਜ਼ਾਰ ਰੁਪਏ ਚੰਦਾ ਦਿੱਤਾ। ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ, ਅਹਿਮਦ ਪਟੇਲ (ਮਰਹੂਮ), ਸਾਬਕਾ ਰੱਖਿਆ ਮੰਤਰੀ ਏ.ਕੇ. ਐਂਟਨੀ ਅਤੇ ਅਧੀਰ ਰੰਜਨ ਚੌਧਰੀ ਵੱਲੋਂ ਕਾਂਗਰਸ ਨੂੰ 54-54 ਹਜ਼ਾਰ ਰੁਪਏ ਚੰਦਾ ਦਿੱਤਾ ਗਿਆ। ਰਿਪੋਰਟ ਮੁਤਾਬਕ ਆਈਟੀਸੀ ਤੇ ਇਸ ਨਾਲ ਜੁੜੀਆਂ ਕੰਪਨੀਆਂ ਨੇ 19 ਕਰੋੜ ਰੁਪਏ ਤੋਂ ਵੱਧ ਰਾਸ਼ੀ ਚੰਦੇ ’ਚ ਦਿੱਤੀ ਜਦੋਂਕਿ ‘ਪਰੂਡੈਂਟ ਇਲੈਕਟੋਰਲ ਟਰੱਸਟ’ ਨੇ 31 ਕਰੋੜ ਰੁਪਏ ਦਾ ਚੰਦਾ ਦਿੱਤਾ। -ਆਈਏਐੱਨਐੱਸ