ਨਵੀਂ ਦਿੱਲੀ, 1 ਮਈ
ਕਾਂਗਰਸ ਨੇ ਅੱਜ ਇੱਥੇ ਹੈਲੀਕਾਪਟਰ ਸੇਵਾਵਾਂ ਮੁਹੱਈਆ ਕਰਵਾਉਣ ਵਾਲੀ ਕੰਪਨੀ ਪਵਨ ਹੰਸ ਲਿਮਿਟਡ ਵਿੱਚੋਂ ਕੇਂਦਰ ਦੀ 51 ਫ਼ੀਸਦੀ ਹਿੱਸੇਦਾਰੀ ਵੇਚਣ ਦੇ ਸੌਦੇ ’ਤੇ ਸਵਾਲ ਉਠਾਏ ਹਨ। ਕੇਂਦਰ ਤੋਂ ਪੁੱਛਿਆ ਗਿਆ ਕਿ ਸਰਕਾਰ ਨੇ ਇਸ ਕੰਪਨੀ ਨੂੰ ਓਐੱਨਜੀਸੀ ਦੇ ਹਵਾਲੇ ਕਰਨ ਬਜਾਏ ਇਸ ਨੂੰ ਸਿਰਫ਼ ਛੇ ਮਹੀਨੇ ਪੁਰਾਣੇ ਇੱਕ ਸਮੂਹ ਨੂੰ ਸੌਂਪਣ ਦਾ ਫ਼ੈਸਲਾ ਕਿਉਂ ਕੀਤਾ। ਵਿੱਤ ਮੰਤਰੀ ਨੇ ਸ਼ੁੱਕਰਵਾਰ ਨੂੰ ਕਿਹਾ ਸੀ ਕਿ ਸਟਾਰ9 ਮੋਬਿਲਿਟੀ ਪ੍ਰਾਈਵੇਟ ਲਿਮਟਿਡ ਹੈਲੀਕਾਪਟਰ ਸੇਵਾ ਦੇਣ ਵਾਲੀ ਪਵਨ ਹੰਸ ਲਿਮਟਿਡ (ਪੀਐੱਚਐੱਲ) ਵਿੱਚ ਸਰਕਾਰ ਦੀ 51 ਫੀਸਦੀ ਹਿੱਸੇਦਾਰੀ ਪ੍ਰਬੰਧਨ ਕੰਟਰੋਲ ਦੇ ਤਬਾਦਲੇ ਦੇ ਨਾਲ 211.14 ਕਰੋੜ ਰੁਪਏ ਵਿੱਚ ਖਰੀਦੇਗੀ। ਕਾਂਗਰਸ ਦੇ ਬੁਲਾਰੇ ਗੌਰਵ ਵੱਲਭ ਨੇ ਕਿਹਾ ਕਿ ਆਪਣੀਆਂ ਵਿੱਤੀ ਨੀਤੀਆਂ ਨੂੰ ਜਾਇਜ਼ ਠਹਿਰਾਉਣ ਲਈ ਗਲਤ ਅਤੇ ਬੇਇਨਸਾਫ਼ੀ ਭਰੇ ਨਿੱਜੀਕਰਨ ਦੇ ਫ਼ੈਸਲਿਆਂ ਤਹਿਤ ‘ਉਹ ਕਈ ਗਲਤੀਆਂ ਕਰ ਰਹੇ ਹਨ।’ -ਪੀਟੀਆਈ