ਨਵੀਂ ਦਿੱਲੀ: ਕਾਂਗਰਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸਰਬ ਪਾਰਟੀ ਮੀਟਿੰਗ ਦੌਰਾਨ ਦਿੱਤੇ ਗਏ ਬਿਆਨ ਤੇ ਇਸ ਮਗਰੋਂ ਇਸ ਬਾਰੇ ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਦਿੱਤੇ ਸਪੱਸ਼ਟੀਕਰਨ ’ਤੇ ਘੇਰਦਿਆਂ ਉਨ੍ਹਾਂ ਤੋਂ ਇਸ ਬਾਰੇ ਸਪੱਸ਼ਟੀਕਰਨ ਮੰਗਿਆ ਹੈ। ਸੀਨੀਅਰ ਕਾਂਗਰਸੀ ਆਗੂ ਕਪਿਲ ਸਿੱਬਲ ਨੇ ਇੱਕ ਮੀਡੀਆ ਕਾਨਫਰੰਸ ’ਚ ਪੁੱਛਿਆ,‘ਕੀ ਪ੍ਰਧਾਨ ਮੰਤਰੀ ਇੱਕ ਢੰਗ ਨਾਲ ਚੀਨ ਦਾ ਪੱਖ ਪੂਰਿਆ ਹੈ ਜਿਸ ਮੁਤਾਬਕ ਉਹ ਕਦੇ ਸਾਡੇ ਇਲਾਕਿਆਂ ’ਚ ਦਾਖ਼ਲ ਨਹੀਂ ਹੋਇਆ?’ ਕਾਂਗਰਸ ਨੇ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਨੇ ਆਪਣੇ ਮੰਤਰੀਆਂ ਦੇ ਬਿਆਨਾਂ ਨੂੰ ਝੁਠਲਾਇਆ ਹੈ। ਸ੍ਰੀ ਸਿੱਬਲ ਨੇ ਕਿਹਾ ਕਿ ਇਹ ਸਪੱਸ਼ਟ ਹੈ ਕਿ ਪ੍ਰਧਾਨ ਮੰਤਰੀ ਵੱਲੋਂ 19 ਜੂਨ, 2020 ਨੂੰ ਦਿੱਤਾ ਗਿਆ ਬਿਆਨ ਰੱਖਿਆ ਮੰਤਰੀ, ਵਿਦੇਸ਼ ਮਾਮਲਿਆਂ ਬਾਰੇ ਮੰਤਰੀ ਤੇ ਫ਼ੌਜ ਮੁਖੀ ਵੱਲੋਂ ਦਿੱਤੇ ਬਿਆਨਾਂ ਦੇ ਉਲਟ ਭੁਗਤ ਰਿਹਾ ਜਾਪਦਾ ਹੈ। ਕਾਂਗਰਸ ਨੇ ਪੁੱਛਿਆ ਹੈ ਕਿ ਚੀਨ ਵੱਲੋਂ ਪੈਂਗੋਗ ਝੀਲ ਤੱਕ ਲਗਪਗ 8 ਕਿਲੋਮੀਟਰ ਤੱਕ ਦਾਖਲ ਹੋਣ, 60 ਉਸਾਰੀਆਂ ਕਰਨ ਆਦਿ- ਸਬੰਧੀ ਸੁਰੱਖਿਆ ਮਾਹਿਰਾਂ ਤੇ ਸੁਰੱਖਿਆ ਬਲਾਂ ਦੇ ਮੁਖੀਆਂ ਦੇ ਬਿਆਨਾਂ ਤੇ ਸੈਟੇਲਾਈਟ ਵੱਲੋਂ ਮਿਲੀਆਂ ਤਸਵੀਰਾਂ ਦੇ ਬਾਵਜੂਦ ਸਰਕਾਰ ਵੱਲੋਂ ਕਿਉਂ ਚੀਨੀ ਦੇ ਕਬਜ਼ੇ ਦੀ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਰਿਹਾ ਹੈ। -ਆਈਏਐੱਨਐੱਸ