ਚੇਨੱਈ, 19 ਮਈ
ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ ਹੱਤਿਆ ਦੇ ਮਾਮਲੇ ’ਚ ਦੋਸ਼ੀ ਠਹਿਰਾਏ ਗਏ ਵਿਅਕਤੀ ਨੂੰ ਰਿਹਾਅ ਕੀਤੇ ਜਾਣ ਖ਼ਿਲਾਫ਼ ਕਾਂਗਰਸ ਦੀ ਤਾਮਿਲਨਾਡੂ ਇਕਾਈ ਨੇ ਅੱਜ ਰਾਜ ਦੇ ਵੱਖ ਵੱਖ ਹਿੱਸਿਆਂ ’ਚ ਸ਼ਾਂਤਮਈ ਰੋਸ ਮੁਜ਼ਾਹਰੇ ਕੀਤੇ।
ਕਾਂਗਰਸ ਨੇ ਕਿਹਾ ਕਿ ਏਜੀ ਪੇਰਾਰੀਵਲਨ ਦੀ ਰਿਹਾਈ ਤੇ ਮੁੱਖ ਸਹਿਯੋਗੀ ਪਾਰਟੀ ਡੀਐੱਮਕੇ ਵੱਲੋਂ ਇਸ ਦੀ ਹਮਾਇਤ ਕੀਤੇ ਜਾਣ ਨਾਲ ਉਨ੍ਹਾਂ ਦੇ ਗੱਠਜੋੜ ’ਤੇ ਕੋਈ ਅਸਰ ਨਹੀਂ ਪਵੇਗਾ। ਕੁਝ ਦਿਨ ਪਹਿਲਾਂ ਹਾਕਮ ਡੀਐੱਮਕੇ ਨੇ ਕਾਂਗਰਸ ਨੂੰ ਰਾਜ ਸਭਾ ਦੀ ਇੱਕ ਸੀਟ ਦਿੱਤੀ ਸੀ ਜਿਸ ’ਤੇ ਜਲਦੀ ਹੀ ਕਾਂਗਰਸ ਵੱਲੋਂ ਉਮੀਦਵਾਰ ਦਾ ਨਾਂ ਐਲਾਨਿਆ ਜਾਵੇਗਾ। ਕਾਂਗਰਸ ਦੇ ਭਾਜਪਾ ਦੋਵਾਂ ਨੇ ਹੀ ਪੇਰਾਰੀਵਲਨ ਦੀ ਰਿਹਾਈ ਦਾ ਵਿਰੋਧ ਕੀਤਾ ਹੈ।
ਕਾਂਗਰਸ ਦੇ ਕਾਰਕੁਨਾਂ ਨੇ ਮੂੰਹ ’ਤੇ ਸਫੈਦ ਕੱਪੜਾ ਬੰਨ੍ਹ ਕੇ ਸੂਬੇ ਭਰ ਦੀਆਂ ਵੱਖ ਵੱਖ ਥਾਵਾਂ ’ਤੇ ਰੋਸ ਮੁਜ਼ਾਹਰੇ ਕੀਤੇ। ਤਾਮਿਲਨਾਡੂ ਕਾਂਗਰਸ ਕਮੇਟੀ ਦੇ ਪ੍ਰਧਾਨ ਕੇਐੱਸ ਅਲਾਗਿਰੀ ਨੇ ਕੁੱਡਾਲੋਰ ਜ਼ਿਲ੍ਹੇ ਦੇ ਚਿਦੰਬਰਮ ਨੇ ਰੋਸ ਮੁਜ਼ਾਹਰੇ ਦੀ ਅਗਵਾਈ ਕੀਤੀ। ਉਨ੍ਹਾਂ ਪੱਤਰਕਾਰਾਂ ਨੂੰ ਕਿਹਾ ਕਿ ਸੁਪਰੀਮ ਕੋਰਟ ਨੇ ਪੇਰਾਰੀਵਲਨ ਨੂੰ ਬੇਕਸੂਰ ਨਹੀਂ ਐਲਾਨਿਆ ਅਤੇ ਨਾ ਹੀ ਇਹ ਕਿਹਾ ਕਿ ਉਸ ਦਾ ਰਾਜੀਵ ਗਾਂਧੀ ਦੀ ਹੱਤਿਆ ਨਾਲ ਕੋਈ ਸਬੰਧ ਹੈ। ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਨੇ ਉਸ ਨੂੰ ਕਾਨੂੰਨੀ ਪ੍ਰਕਿਰਿਆ ਤੇ ਰਾਜਪਾਲ ਵੱਲੋਂ ਫ਼ੈਸਲਾ ਲੈਣ ’ਚ ਦੇਰੀ ਦੇ ਆਧਾਰ ’ਤੇ ਉਸ ਨੂੰ ਰਿਹਾਅ ਕੀਤਾ ਹੈ। ਅਲਾਗਿਰੀ ਨੇ ਕਿਹਾ ਕਿ ਪੇਰਾਰੀਵਲਨ ਦੀ ਰਿਹਾਈ ਦੀ ਹਮਾਇਤ ’ਚ ਇੱਕ ਦਲੀਲ ਦਿੱਤੀ ਜਾ ਰਹੀ ਹੈ ਕਿ ਉਹ ਤਾਮਿਲ ਹੈ। ਉਨ੍ਹਾਂ ਕਿਹਾ ਕਿ ਕੀ ਇਹ ਨਿਆਂ ਹੈ ਕਿ ਕਿਸੇ ਕਾਤਲ ਦੀ ਰਿਹਾਈ ਦੀ ਮੰਗ ਸਿਰਫ਼ ਇਸ ਲਈ ਕੀਤੀ ਜਾਵੇ ਕਿਉਂਕਿ ਉਹ ਤਾਮਿਲ ਹੈ। -ਪੀਟੀਆਈ
ਦੋਸ਼ੀਆਂ ਦੀ ਰਿਹਾਈ ਦੇ ਜਸ਼ਨ ਨਾ ਮਨਾਏ ਜਾਣ: ਭਾਜਪਾ
ਭਾਜਪਾ ਦੇ ਸੂਬਾ ਪ੍ਰਧਾਨ ਕੇ ਅੰਨਾਮਲਾਈ ਨੇ ਕਿਹਾ ਕਿ ਸੁਪਰੀਮ ਕੋਰਟ ਨੇ ਧਾਰਾ 142 ਦੀ ਵਰਤੋਂ ਕਰਦਿਆਂ ਪੇਰਾਰੀਵਲਨ ਨੂੰ ਰਿਹਾਅ ਕਰ ਦਿੱਤਾ ਹੈ ਪਰ ਉਹ ਅਤੇ ਹੋਰ ਦੋਸ਼ੀ ਅਜਿਹੇ ਲੋਕ ਨਹੀਂ ਹਨ ਜਿਨ੍ਹਾਂ ਦੀ ਰਿਹਾਈ ਦਾ ਜਸ਼ਨ ਮਨਾਇਆ ਜਾਵੇ। ਉਨ੍ਹਾਂ ਕਿਹਾ ਕਿ ਭਾਜਪਾ ਬਦਲੇ ਦੀ ਭਾਵਨਾ ’ਚ ਯਕੀਨ ਨਹੀਂ ਰੱਖਦੀ ਅਤੇ ਹੁਣ ਜਦੋਂ ਪੇਰਾਰੀਵਲਨ ਰਿਹਾਅ ਹੋ ਗਿਆ ਹੈ ਤਾਂ ਉਸ ਨੂੰ ਆਪਣੀ ਜ਼ਿੰਦਗੀ ਜਿਊਣ ਦੇਣੀ ਚਾਹੀਦੀ ਹੈ। ਅੰਨਾਮਲਾਈ ਨੇ ਕਿਹਾ ਕਿ ਡੀਐੱਮਕੇ ਨੂੰ ਅਜਿਹੇ ਲੋਕਾਂ ਦੀ ਰਿਹਾਈ ਦਾ ਜਸ਼ਨ ਮਨਾ ਕੇ ਭਵਿੱਖੀ ਪੀੜ੍ਹੀਆਂ ਲਈ ਗਲਤ ਮਿਸਾਲ ਪੇਸ਼ ਨਹੀਂ ਕਰਨੀ ਚਾਹੀਦੀ। ਉਨ੍ਹਾਂ ਕਾਂਗਰਸ ’ਤੇ ਦੋਹਰਾ ਰਵੱਈਆ ਅਪਣਾਉਣ ਦਾ ਦੋਸ਼ ਲਾਉਂਦਿਆਂ ਕਿਹਾ ਕਿ ਇੱਕ ਪਾਸੇ ਕਾਂਗਰਸ ਦੀ ਭਾਈਵਾਲ ਡੀਐੱਮਕੇ ਪੇਰਾਰੀਵਲਨ ਦੀ ਰਿਹਾਈ ਦੀ ਹਮਾਇਤ ਕਰ ਰਹੀ ਹੈ ਤੇ ਦੂਜੇ ਪਾਸੇ ਕਾਂਗਰਸ, ਡੀਐੱਮਕੇ ਤੋਂ ਰਾਜਸਭਾ ਦੀ ਸੀਟ ਲੈ ਰਹੀ ਹੈ।