ਤਿਰੂਵਨੰਤਪੁਰਮ, 14 ਸਤੰਬਰ
ਕਾਂਗਰਸ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਪਾਰਟੀ ਪ੍ਰਧਾਨ ਦੀ ਚੋਣ ਪ੍ਰਕਿਰਿਆ ਆਰੰਭ ਹੋਣ ਤੋਂ ਕੁਝ ਦਿਨ ਪਹਿਲਾਂ ਅੱਜ ਕਿਹਾ ਕਿ ਨਵਾਂ ਪ੍ਰਧਾਨ ਚੁਣਨ ਲਈ ਵਿਆਪਕ ਸਹਿਮਤੀ ਬਣਾਈ ਜਾਣੀ ਚਾਹੀਦੀ ਹੈ। ਉਨ੍ਹਾਂ ਕਿਸੇ ਵੀ ਸਥਿਤੀ ਵਿਚ ਸੰਗਠਨ ਨਾਲ ਜੁੜੇ ਮਾਮਲਿਆਂ ਵਿਚ ਨਹਿਰੂ-ਗਾਂਧੀ ਪਰਿਵਾਰ ਦਾ ਮਹੱਤਵ ਕਾਇਮ ਰੱਖਣ ਉਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਜੇਕਰ ਇਸ ਚੋਣ ਵਿਚ ਗਾਂਧੀ ਪਰਿਵਾਰ ਤੋਂ ਇਲਾਵਾ ਕੋਈ ਹੋਰ ਪ੍ਰਧਾਨ ਚੁਣਿਆ ਜਾਂਦਾ ਹੈ ਤਾਂ ਵੀ ਸੋਨੀਆ ਗਾਂਧੀ ਉਹ ਸ਼ਖ਼ਸੀਅਤ ਹੋਵੇਗੀ ਜਿਨ੍ਹਾਂ ਵੱਲ ਹਰ ਵਿਅਕਤੀ ਉਮੀਦ ਨਾਲ ਦੇਖੇਗਾ ਤੇ ਰਾਹੁਲ ਗਾਂਧੀ ਪਾਰਟੀ ਦੇ ਵਿਚਾਰਕ ਕੇਂਦਰ ਬਿੰਦੂ ਬਣੇ ਰਹਿਣਗੇ। ਰਮੇਸ਼ ਨੇ ਇਸ ਧਾਰਨਾ ਨੂੰ ਵੀ ਸਿਰੇ ਤੋਂ ਖਾਰਜ ਕਰ ਦਿੱਤਾ ਕਿ ਕਿਸੇ ਹੋਰ ਵਿਅਕਤੀ ਦੇ ਪ੍ਰਧਾਨ ਬਣਨ ’ਤੇ ਵੀ ਰਾਹੁਲ ਗਾਂਧੀ ‘ਬੈਕਸੀਟ ਡਰਾਈਵਿੰਗ’ (ਪਿੱਛਿਓਂ ਪਾਰਟੀ ਚਲਾਉਣ) ਦਾ ਕੰਮ ਕਰਨਗੇ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਉਦਾਰ ਤੇ ਲੋਕਤੰਤਰਿਕ ਵਿਅਕਤੀ ਹਨ। ਸਾਬਕਾ ਕੇਂਦਰੀ ਮੰਤਰੀ ਨੇ ਕਾਂਗਰਸ ਦੇ ਕੁਝ ਨੇਤਾਵਾਂ ਦੀ, ਹਾਈ ਕਮਾਨ ਸਭਿਆਚਾਰ ਨਾਲ ਜੁੜੀ ਦਲੀਲ ਨੂੰ ਖਾਰਜ ਕਰਦਿਆਂ ਕਿਹਾ ਕਿ ਅਜਿਹੀ ਵਿਵਸਥਾ ਬਿਨਾਂ ਪਾਰਟੀ ’ਚ ਅਰਾਜਕਤਾ ਪੈਦਾ ਹੋ ਜਾਵੇਗੀ। -ਪੀਟੀਆਈ