ਨਵੀਂ ਦਿੱਲੀ, 10 ਮਈ
ਕਾਂਗਰਸ ਵਰਕਿੰਗ ਕਮੇਟੀ ਨੇ ਅੱਜ ਸਰਬਸੰਮਤੀ ਨਾਲ ਪਾਰਟੀ ਪ੍ਰਧਾਨ ਦੇ ਅਹੁਦੇ ਦੀ ਮਹੱਤਵਪੂਰਨ ਚੋਣ ਫ਼ਿਲਹਾਲ ਟਾਲਣ ਦਾ ਫ਼ੈਸਲਾ ਕੀਤਾ ਹੈ। ਇਸ ਲਈ ਦੇਸ਼ ਵਿਚ ਕਰੋਨਾ ਕਾਰਨ ਬਣੀ ਸਥਿਤੀ ਦਾ ਹਵਾਲਾ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਕਈ ਆਗੂਆਂ ਨੇ ਜਥੇਬੰਦਕ ਪੁਨਰਗਠਨ ’ਤੇ ਜ਼ੋਰ ਪਾਇਆ ਸੀ। ਕਾਂਗਰਸ ਨੇ ਜੂਨ ਦੇ ਅਖ਼ੀਰ ਤੱਕ ਨਵਾਂ ਪਾਰਟੀ ਪ੍ਰਧਾਨ ਚੁਣਨ ਦਾ ਫ਼ੈਸਲਾ ਲਿਆ ਸੀ। ਮਧੂਸੂਦਨ ਮਿਸਤਰੀ ਦੀ ਅਗਵਾਈ ਵਿਚ ਪਾਰਟੀ ਦੀ ਕੇਂਦਰੀ ਚੋਣ ਅਥਾਰਿਟੀ ਨੇ 23 ਜੂਨ ਨੂੰ ਚੋਣ ਕਰਵਾਉਣ ਦੀ ਤਜਵੀਜ਼ ਰੱਖੀ ਸੀ। ਇਸ ਤੋਂ ਪਹਿਲਾਂ ਹਾਲੀਆ ਵਿਧਾਨ ਸਭਾ ਵਿਚ ਚੋਣਾਂ ਵਿਚ ਪਾਰਟੀ ਦੀ ਕਾਰਗੁਜ਼ਾਰੀ ਬਾਰੇ ਵਿਚਾਰ-ਚਰਚਾ ਕਰਨ ਲਈ ਜੁੜੀ ਵਰਕਿੰਗ ਕਮੇਟੀ ਨੇ ਕੇਂਦਰੀ ਚੋਣ ਅਥਾਰਿਟੀ ਵੱਲੋਂ ਰੱਖੀ ਗਈ ਤਜਵੀਜ਼ ਉਤੇ ਵਿਚਾਰ ਕੀਤਾ। ਬੈਠਕ ਵਿਚ ਮੌਜੂਦ ਕਾਂਗਰਸ ਦੇ ਚੋਟੀ ਦੇ ਆਗੂਆਂ ਦਾ ਵਿਚਾਰ ਸੀ ਕਿ ਹਾਲੇ ਚੋਣ ਕਰਵਾਉਣਾ ਜਾਇਜ਼ ਨਹੀਂ ਹੋਵੇਗਾ ਕਿਉਂਕਿ ਕਰੋਨਾਵਾਇਰਸ ਕਾਰਨ ਮੁਲਕ ’ਚ ਸਥਿਤੀ ਗੰਭੀਰ ਬਣੀ ਹੋਈ ਹੈ। ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਤਜਵੀਜ਼ ਰੱਖੀ ਕਿ ਮਹਾਮਾਰੀ ਦੇ ਮੱਦੇਨਜ਼ਰ ਕਾਂਗਰਸ ਪ੍ਰਧਾਨ ਦੇ ਅਹੁਦੇ ਲਈ ਕੋਈ ਚੋਣ ਨਹੀਂ ਹੋਣੀ ਚਾਹੀਦੀ ਹੈ। ਸੀਨੀਅਰ ਪਾਰਟੀ ਆਗੂ ਗ਼ੁਲਾਮ ਨਬੀ ਆਜ਼ਾਦ ਨੇ ਉਨ੍ਹਾਂ ਦਾ ਸਮਰਥਨ ਕੀਤਾ। ਜ਼ਿਕਰਯੋਗ ਹੈ ਕਿ ਆਜ਼ਾਦ ਉਨ੍ਹਾਂ 23 ਆਗੂਆਂ ਵਿਚੋਂ ਇਕ ਸਨ ਜਿਨ੍ਹਾਂ ਜਥੇਬੰਦਕ ਚੋਣਾਂ ਕਰਵਾਉਣ ਦੀ ਪਿਛਲੇ ਸਾਲ ਮੰਗ ਕੀਤੀ ਸੀ। ਆਜ਼ਾਦ ਨੇ ਕਿਹਾ ਕਿ ਹਾਲੇ ਕੋਈ ਵੀ ਚੋਣ ਦੀ ਮੰਗ ਨਹੀਂ ਕਰ ਰਿਹਾ ਹੈ ਤੇ ਇਹ ਫ਼ਿਲਹਾਲ ਮੁਲਤਵੀ ਹੋਣੀਆਂ ਚਾਹੀਦੀਆਂ ਹਨ। ਇਸ ਮੌਕੇ ਪਾਏ ਗਏ ਮਤੇ ਵਿਚ ਫ਼ੈਸਲਾ ਕੀਤਾ ਗਿਆ ਕਿ ਪਾਰਟੀ ਦੀ ਸਾਰੀ ਊਰਜਾ ਜ਼ਿੰਦਗੀਆਂ ਬਚਾਉਣ ਅਤੇ ਮਦਦ ਕਰਨ ਵਿਚ ਲੱਗਣੀ ਚਾਹੀਦੀ ਹੈ। ਪਾਰਟੀ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਕਿਹਾ ਕਿ ਚੋਣ ਆਰਜ਼ੀ ਤੌਰ ’ਤੇ ਦੋ-ਤਿੰਨ ਮਹੀਨਿਆਂ ਲਈ ਟਾਲੀ ਜਾਵੇਗੀ ਤੇ ਉਦੋਂ ਤੱਕ ਸਥਿਤੀ ਵਿਚ ਸੁਧਾਰ ਆਉਣ ਦੀ ਆਸ ਰੱਖੀ ਜਾ ਸਕਦੀ ਹੈ। -ਪੀਟੀਆਈ