ਨਵੀਂ ਦਿੱਲੀ, 31 ਅਕਤੂਬਰ
ਕਾਂਗਰਸ ਨੇ ਅੱਜ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਉਨ੍ਹਾਂ ਦੀ ਬਰਸੀ ਮੌਕੇ ਸ਼ਰਧਾਂਜਲੀ ਭੇਟ ਕੀਤੀ। ਰਾਹੁਲ ਨੇ ਟਵੀਟ ਕਰਕੇ ਕਿਹਾ ਕਿ ਉਹ ਉਨ੍ਹਾਂ (ਇੰਦਰਾ ਗਾਂਧੀ) ਦਾ ਪਿਆਰ ਤੇ ਕਦਰਾਂ-ਕੀਮਤਾਂ ਆਪਣੇ ਨਾਲ ਲੈ ਕੇ ਚੱਲ ਰਹੇ ਹਨ ਅਤੇ ਜਿਸ ਮੁਲਕ ਲਈ ਉਨ੍ਹਾਂ ਆਪਣੀ ਕੁਰਬਾਨੀ ਦਿੱਤੀ, ਉਹ ਉਸ ਨੂੰ ਖਿੰਡਣ ਨਹੀਂ ਦੇਣਗੇ।
ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ, ਪਾਰਟੀ ਦੀ ਸਾਬਕਾ ਮੁਖੀ ਸੋਨੀਆ ਗਾਂਧੀ ਅਤੇ ਪਾਰਟੀ ਦੇ ਹੋਰ ਸੀਨੀਅਰ ਆਗੂਆਂ ਨੇ ਸ਼ਕਤੀ ਸਥਲ ਯਾਦਗਾਰ ’ਤੇ ਇੰਦਰਾ ਗਾਂਧੀ ਨੂੰ ਸ਼ਰਧਾਂਜਲੀ ਭੇਟ ਕੀਤੀ। ਖੜਗੇ ਨੇ ਟਵੀਟ ਕੀਤਾ, ‘ਭਾਰਤ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਜੀ ਨੂੰ ਉਨ੍ਹਾਂ ਦੇ ਬਲੀਦਾਨ ਦਿਵਸ ਮੌਕੇ ਮੇਰੀ ਸ਼ਰਧਾਂਜਲੀ। ਖੇਤੀ ਹੋਵੇ, ਅਰਥਚਾਰਾ ਹੋਵੇ ਜਾਂ ਫਿਰ ਫੌਜੀ ਬਲ, ਭਾਰਤ ਨੂੰ ਇੱਕ ਮਜ਼ਬੂਤ ਮੁਲਕ ਬਣਾਉਣ ’ਚ ਇੰਦਰਾ ਗਾਂਧੀ ਜੀ ਦਾ ਯੋਗਦਾਨ ਕਦੀ ਭੁਲਾਇਆ ਨਹੀਂ ਜਾ ਸਕਦਾ।’ ਖੜਗੇ ਨੇ ਇੰਦਰਾ ਗਾਂਧੀ ਨੂੰ ਇੱਥੇ ਆਲ ਇੰਡੀਆ ਕਾਂਗਰਸ ਕਮੇਟੀ ਦੇ ਹੈੱਡਕੁਆਰਟਰ ’ਚ ਵੀ ਸ਼ਰਧਾਂਜਲੀ ਭੇਟ ਕੀਤੀ। ਕਾਂਗਰਸ ਨੇ ਆਪਣੇ ਅਧਿਕਾਰਤ ਹੈਂਡਲ ਤੋਂ ਟਵੀਟ ਕੀਤਾ, ‘ਬੰਗਲਾਦੇਸ਼ ਦੀ ਆਜ਼ਾਦੀ ਤੋਂ ਲੈ ਕੇ ਹਰੀ ਕ੍ਰਾਂਤੀ ਦੀ ਸ਼ੁਰੂਆਤ ਤੱਕ ਇੰਦਰਾ ਗਾਂਧੀ ਨੇ ਦੇਸ਼ ਦੀ ਹਰ ਪੱਧਰ ’ਤੇ ਅਗਵਾਈ ਕੀਤੀ। ਅਸੀਂ ਦੇਸ਼ ਦੇ ਵਿਕਾਸ ਲਈ ਉਨ੍ਹਾਂ ਦੇ ਨਜ਼ਰੀਏ ਨੂੰ ਸਲਾਮ ਕਰਦੇ ਹਾਂ।’ ਜ਼ਿਕਰਯੋਗ ਹੈ ਕਿ ਇੰਦਰਾ ਗਾਂਧੀ ਨੂੰ 1984 ’ਚ ਅੱਜ ਦੇ ਦਿਨ ਉਨ੍ਹਾਂ ਦੇ ਸੁਰੱਖਿਆ ਕਰਮੀਆਂ ਨੇ ਮਾਰ ਕਰ ਦਿੱਤਾ ਸੀ। -ਪੀਟੀਆਈ