ਨਵੀਂ ਦਿੱਲੀ, 20 ਅਗਸਤ
ਕਾਂਗਰਸ ਨੇ ਅੱਜ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਜਨਮ ਦਿਹਾੜੇ ਮੌਕੇ ਉਨ੍ਹਾਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ। ਪਾਰਟੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਵਜੋਂ ਰਾਜੀਵ ਗਾਂਧੀ ਦੇ ਇਕਹਿਰੇ ਕਾਰਜਕਾਲ ਨੂੰ ਉਨ੍ਹਾਂ ਦੀਆਂ ਮਹੱਤਵਪੂਰਨ ਪ੍ਰਾਪਤੀਆਂ ਕਾਰਨ ਯਾਦ ਰੱਖਿਆ ਜਾਵੇਗਾ, ਜਿਨ੍ਹਾਂ ਵਿੱਚ ਸੂਚਨਾ ਤਕਨਾਲੋਜੀ ਦੀਆਂ ਨੀਂਹਾਂ ਮਜ਼ਬੂਤ ਕਰਨਾ ਵੀ ਸ਼ਾਮਲ ਹੈ, ਜਿਸਨੇ ਭਾਰਤ ਵਿੱਚ ਵੱਡੇ ਪੱਧਰ ’ਤੇ ਬਦਲਾਅ ਲਿਆਂਦੇ। ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਤੇ ਪਾਰਟੀ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਆਪਣੇ ਪਿਤਾ ਦੇ 78ਵੇਂ ਜਨਮ ਦਿਹਾੜੇ ਮੌਕੇ ਅੱਜ ਸਵੇਰੇ ਉਨ੍ਹਾਂ ਦੀ ਯਾਦਗਾਰ ਵੀਰ ਭੂਮੀ ਦਾ ਦੌਰਾ ਕੀਤਾ ਤੇ ਉਨ੍ਹਾਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ। ਇਸ ਮੌਕੇ ਰਾਹੁਲ ਗਾਂਧੀ ਨੇ ਟਵੀਟ ਕੀਤਾ,‘ਪਾਪਾ, ਤੁਸੀਂ ਹਮੇਸ਼ਾ ਮੇਰੇ ਨਾਲ ਮੇਰੇ ਦਿਲ ’ਚ ਹੋ। ਮੈਂ ਹਮੇਸ਼ਾ ਕੋਸ਼ਿਸ਼ ਕਰਾਂਗਾ ਕਿ ਤੁਹਾਡੇ ਵੱਲੋਂ ਮੁਲਕ ਲਈ ਵੇਖਿਆ ਗਿਆ ਸੁਪਨਾ ਪੂਰਾ ਕਰਾਂ।’ ਉਨ੍ਹਾਂ ਰਾਜੀਵ ਗਾਂਧੀ ਨਾਲ ਸਬੰਧਤ ਇੱਕ ਵੀਡੀਓ ਤੇ ਤਸਵੀਰਾਂ ਵਾਲਾ ਕੋਲਾਜ਼ ਵੀ ਸਾਂਝਾ ਕੀਤਾ। ਹਿੰਦੀ ’ਚ ਪਾਈ ਆਪਣੀ ਫੇਸਬੁੱਕ ਪੋਸਟ ’ਚ ਪ੍ਰਿਯੰਕਾ ਗਾਂਧੀ ਨੇ ਲਿਖਿਆ,‘ਮੇਰੇ ਪਿਤਾ ਦਾ ਸੁਪਨਾ 21ਵੀਂ ਸਦੀ ’ਚ ਭਾਰਤ ਨੂੰ ਸਭ ਤੋਂ ਉੱਚੇ ਸਥਾਨ ’ਤੇ ਲਿਜਾਣਾ ਸੀ। ਉਨ੍ਹਾਂ ਇਸ ਸੁਪਨੇ ਨੂੰ ਪੂਰਾ ਕਰਨ ਲਈ ਦਿਨ-ਰਾਤ ਕੰਮ ਕੀਤਾ ਤੇ ਭਾਰਤ ਨੂੰ ਨਵੀਂ ਦਿਸ਼ਾ ਦਿੱਤੀ।’
ਇਸ ਦੌਰਾਨ ਕਈ ਹੋਰ ਕਾਂਗਰਸੀ ਆਗੂਆਂ ਨੇ ਵੀ ਰਾਜੀਵ ਗਾਂਧੀ ਦੇ ਜਨਮ ਦਿਹਾੜੇ ਮੌਕੇ ਉਨ੍ਹਾਂ ਨੂੰ ਯਾਦ ਕੀਤਾ, ਜਿਨ੍ਹਾਂ ਵਿੱਚ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ, ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਾਘੇਲ ਤੇ ਪਾਰਟੀ ਦੇ ਜਨਰਲ ਸਕੱਤਰ ਕੇ ਸੀ ਵੇਣੂਗੋਪਾਲ ਵੀ ਸ਼ਾਮਲ ਹਨ। -ਪੀਟੀਆਈ
ਪ੍ਰਧਾਨ ਮੰਤਰੀ ਮੋਦੀ ਨੇ ਵੀ ਰਾਜੀਵ ਗਾਂਧੀ ਨੂੰ ਯਾਦ ਕੀਤਾ
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ 78ਵੇਂ ਜਨਮ ਦਿਹਾੜੇ ਮੌਕੇ ਉਨ੍ਹਾਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ। ਭਾਰਤ ਦੇ ਸਭ ਤੋਂ ਘੱਟ ਉਮਰ ਦੇ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੇ ਸਾਲ 1984 ਤੋਂ 1989 ਤੱਕ ਇਸ ਅਹੁਦੇ ’ਤੇ ਕੰਮ ਕੀਤਾ, ਜਿਸ ਦੌਰਾਨ ਲੋਕ ਸਭਾ ’ਚ ਆਖ਼ਰੀ ਵਾਰ ਕਾਂਗਰਸ ਕੋਲ ਬਹੁਮੱਤ ਸੀ। ਸ੍ਰੀ ਮੋਦੀ ਨੇ ਟਵੀਟ ਕੀਤਾ,‘ਸਾਡੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਜਨਮ ਦਿਹਾੜੇ ਮੌਕੇ ਉਨ੍ਹਾਂ ਨੂੰ ਸ਼ਰਧਾਂਜਲੀਆਂ ਭੇਟ ਕਰਦੇ ਹਾਂ।’ -ਪੀਟੀਆਈ