ਪਣਜੀ: ਗੋਆ ਵਿਧਾਨ ਸਭਾ ਚੋਣਾਂ ’ਚ ਲੋਕ ਫਤਵਾ ਪ੍ਰਵਾਨ ਕਰਦਿਆਂ ਕਾਂਗਰਸ ਦੇ ਸੀਨੀਅਰ ਆਗੂ ਪੀ ਚਿਦੰਬਰਮ ਨੇ ਕਿਹਾ ਕਿ ਲੋਕ ਤਬਦੀਲੀ ਚਾਹੁੰਦੇ ਸਨ ਪਰ ਉਨ੍ਹਾਂ ਦੀ ਵੋਟ ਵਿਰੋਧੀ ਪਾਰਟੀਆਂ ਵਿਚਾਲੇ ਵੰਡੀ ਗਈ ਹੈ। ਗੋਆ ਦੀ 40 ਮੈਂਬਰੀ ਵਿਧਾਨ ਸਭਾ ’ਚੋਂ ਕਾਂਗਰਸ ਸਿਰਫ਼ 11 ਸੀਟਾਂ ’ਤੇ ਹੀ ਜਿੱਤ ਦਰਜ ਕਰ ਸਕੀ ਹੈ। ਉਨ੍ਹਾਂ ਇੱਥੇ ਇੱਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ, ‘ਅਸੀਂ ਗੋਆ ਦੇ ਲੋਕਾਂ ਦਾ ਫ਼ੈਸਲਾ ਪ੍ਰਵਾਨ ਕਰਦੇ ਹਾਂ। ਸਾਡੇ ਉਮੀਦਵਾਰਾਂ ਨੇ ਚੰਗੀ ਚੋਣ ਲੜੀ। ਉਹ ਕਈ ਅੜਿੱਕਿਆਂ ਖ਼ਿਲਾਫ਼ ਬਹਾਦੁਰੀ ਨਾਲ ਲੜੇ ਅਤੇ ਇੱਥੇ ਸਾਡੇ 11 ਉਮੀਦਵਾਰ ਤੇ ਸਾਡੀ ਭਾਈਵਾਲ ਗੋਆ ਫਾਰਵਰਡ ਪਾਰਟੀ ਦਾ ਇੱਕ ਉਮੀਦਵਾਰ ਜਿੱਤਿਆ ਹੈ। ਲੋਕਾਂ ਨੇ ਭਾਜਪਾ ਨੂੰ ਵੋਟ ਪਾਈ ਹੈ ਅਤੇ ਅਸੀਂ ਇਸ ਨੂੰ ਪ੍ਰਵਾਨ ਕਰਦੇ ਹਾਂ ਤੇ ਗੋਆ ਦੇ ਲੋਕਾਂ ਦੀ ਭਲਾਈ ਲਈ ਪ੍ਰਾਰਥਨਾ ਕਰਦੇ ਹਾਂ।’ ਉਨ੍ਹਾਂ ਕਿਹਾ ਕਿ ਗੋਆ ਦੇ ਲੋਕ ਤਬਦੀਲੀ ਚਾਹੁੰਦੇ ਸਨ ਉਹ ਇਸ ਦਾ ਪ੍ਰਗਟਾਵਾ ਸਹੀ ਢੰਗ ਨਾਲ ਨਹੀਂ ਕਰ ਸਕੇ। ਭਾਜਪਾ ਨੂੰ ਇੱਥੇ ਸਿਰਫ਼ 33 ਫੀਸਦ ਵੋਟ ਪਈ ਹੈ ਤੇ ਕਾਂਗਰਸ ਦੀ ਬਹੁਤੀ ਵੋਟ ਵਿਰੋਧੀ ਪਾਰਟੀਆਂ ’ਚ ਵੰਡੀ ਗਈ ਹੈ। -ਆਈਏਐੱਨਐੱਸ