ਮੁੰਬਈ: ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਦੇ ਇਕ ਦਿਨ ਬਾਅਦ ਊਧਵ ਠਾਕਰੇ ਨਾਲ ਅੱਜ ਉਨ੍ਹਾਂ ਦੀ ਰਿਹਾਇਸ਼ ‘ਮਾਤੋਸ੍ਰੀ’ ’ਤੇ ਕਾਂਗਰਸ ਆਗੂਆਂ ਨੇ ਮੁਲਾਕਾਤ ਕੀਤੀ। ਕਾਂਗਰਸ ਆਗੂ ਨਿਤਿਨ ਰਾਊਤ ਨੇ ਕਿਹਾ ਕਿ ਸ਼ਿਸ਼ਟਾਚਾਰ ਤਹਿਤ ਇਹ ਮੁਲਾਕਾਤ ਕੀਤੀ ਗਈ ਕਿਉਂਕਿ ਉਨ੍ਹਾਂ ਠਾਕਰੇ ਨਾਲ ਢਾਈ ਸਾਲਾਂ ਤੱਕ ਮਹਾ ਵਿਕਾਸ ਅਗਾੜੀ ਗੱਠਜੋੜ ਦੀ ਸਰਕਾਰ ’ਚ ਕੰਮ ਕੀਤਾ ਸੀ। ਸ਼ਿਵ ਸੈਨਾ, ਕਾਂਗਰਸ ਅਤੇ ਐੱਨਸੀਪੀ ’ਤੇ ਆਧਾਰਿਤ ਮਹਾ ਵਿਕਾਸ ਅਗਾੜੀ ਗੱਠਜੋੜ ਦੇ ਜਾਰੀ ਰਹਿਣ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ’ਚ ਉਨ੍ਹਾਂ ਕਿਹਾ ਕਿ ਇਸ ’ਤੇ ਅਜੇ ਚਰਚਾ ਹੋਣੀ ਬਾਕੀ ਹੈ। ਉਂਜ ਉਨ੍ਹਾਂ ਕਿਹਾ ਕਿ ਕਾਂਗਰਸ ਵਿਰੋਧੀ ਧਿਰ ਵਜੋਂ ਕੰਮ ਕਰੇਗੀ। ਕਾਂਗਰਸ ਦੇ ਪ੍ਰਦੇਸ਼ ਪ੍ਰਧਾਨ ਨਾਨਾ ਪਟੋਲੇ ਨੇ ਕਿਹਾ ਕਿ ਪਾਰਟੀ ਆਉਂਦੀਆਂ ਸਥਾਨਕ ਚੋਣਾਂ ਇਕੱਲਿਆਂ ਹੀ ਲੜੇਗੀ ਜਦਕਿ ਵਿਧਾਨ ਸਭਾ ਅਤੇ ਲੋਕ ਸਭਾ ਚੋਣਾਂ ’ਚ ਗੱਠਜੋੜ ਜਾਰੀ ਰੱਖਣ ਦਾ ਫ਼ੈਸਲਾ ਪਾਰਟੀ ਆਗੂਆਂ ਵੱਲੋਂ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਤਿੰਨੋਂ ਪਾਰਟੀਆਂ ਲੋਕਾਂ ਨਾਲ ਜੁੜੇ ਮੁੱਦਿਆਂ ਨੂੰ ਉਠਾਉਂਦੀਆਂ ਰਹਿਣਗੀਆਂ। -ਪੀਟੀਆਈ