ਕੋਲਕਾਤਾ, 16 ਅਗਸਤ
ਕਾਂਗਰਸ ਦਾ ‘ਹੱਥ’ ਛੱਡ ਕੇ ਅਸਾਮ ਦੀ ਸਾਬਕਾ ਸੰਸਦ ਮੈਂਬਰ ਸੁਸ਼ਮਿਤਾ ਦੇਵ ਅੱਜ ਇੱਥੇ ਟੀਐੱਮਸੀ ਵਿੱਚ ਸ਼ਾਮਲ ਹੋ ਗਏ। ਉਨ੍ਹਾਂ ਕੌਮੀ ਜਨਰਲ ਸਕੱਤਰ ਅਭਿਸ਼ੇਕ ਬੈਨਰਜੀ ਦੀ ਮੌਜੂਦਗੀ ਵਿੱਚ ਸ਼ਮੂਲੀਅਤ ਕੀਤੀ। ਦੇਵ, ਕਾਂਗਰਸ ਦੇ ਕੌਮੀ ਤਰਜ਼ਮਾਨ ਅਤੇ ਮਹਿਲਾ ਵਿੰਗ ਦੀ ਮੁਖੀ ਵਜੋਂ ਸੇਵਾ ਨਿਭਾਉਂਦੇ ਰਹੇ ਹਨ। ਟਵਿੱਟਰ ’ਤੇ ਟੀਐੱਮਸੀ ਨੇ ਸਾਬਕਾ ਸੰਸਦ ਮੈਂਬਰ ਦਾ ਆਪਣੀ ਪਾਰਟੀ ਵਿੱਚ ਸਵਾਗਤ ਕੀਤਾ। ਪਾਰਟੀ ਨੇ ਆਪਣੇ ਟਵਿੱਟਰ ਹੈਂਡਲ ’ਤੇ ਲਿਖਿਆ,‘ਅਸੀਂ ਆਲ ਇੰਡੀਆ ਮਹਿਲਾ ਕਾਂਗਰਸ ਦੀ ਸਾਬਕਾ ਪ੍ਰਧਾਨ ਸੁਸ਼ਮਿਤਾ ਦੇਵ ਦਾ ਤ੍ਰਿਣਮੂਲ ਪਰਿਵਾਰ ਵਿੱਚ ਸਵਾਗਤ ਕਰਦੇ ਹਾਂ।’ ਦੇਵ ਨੇ ਐਤਵਾਰ ਨੂੰ ਆਪਣਾ ਅਸਤੀਫ਼ਾ ਕਾਂਗਰਸ ਮੁਖੀ ਸੋਨੀਆ ਗਾਂਧੀ ਨੂੰ ਭੇਜ ਦਿੱਤਾ ਸੀ। ਉਨ੍ਹਾਂ ਪਾਰਟੀ ਛੱਡਣ ਦਾ ਕੋਈ ਕਾਰਨ ਨਹੀਂ ਦੱਸਿਆ। ਸ੍ਰੀਮਤੀ ਗਾਂਧੀ ਨੂੰ ਲਿਖੇ ਪੱਤਰ ਵਿੱਚ ਦੇਵ ਨੇ ਕਿਹਾ ਕਿ ਉਹ ਆਪਣੀ ਜ਼ਿੰਦਗੀ ਦੇ ਨਵੇਂ ਸਫ਼ਰ ਦੀ ਸ਼ੁਰੂਆਤ ਕਰ ਰਹੀ ਹੈ। ਇਸ ਲਈ ਉਸ ਨੇ ਕਾਂਗਰਸ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ ਹੈ। ਦੂਜੇ ਪਾਸੇ ਕਾਂਗਰਸ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਕਿਹਾ ਕਿ ਉਨ੍ਹਾਂ ਨੂੰ ਸੁਸ਼ਮਿਤਾ ਦੇਵ ਵੱਲੋਂ ਕੋਈ ਪੱਤਰ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਉਨ੍ਹਾਂ ਤੇ ਦੂਜੇ ਪਾਰਟੀ ਆਗੂਆਂ ਨੇ ਮਹਿਲਾ ਆਗੂ ਤੱਕ ਪਹੁੰਚ ਕਰਨ ਦੀ ਕਾਫ਼ੀ ਕੋਸ਼ਿਸ਼ ਕੀਤੀ ਪਰ ਉਸ ਦਾ ਫੋਨ ਬੰਦ ਸੀ। ਉਨ੍ਹਾਂ ਸੁਸ਼ਮਿਤਾ ਨੂੰ ਚੰਗੀ ਦੋਸਤ, ਯੋਗ ਤੇ ਹੁਨਰਮੰਦ ਦੱਸਿਆ।
ਕਾਂਗਰਸ ਨੇ ਅੱਖਾਂ ਮੀਚ ਰੱਖੀਆਂ: ਸਿੱਬਲ
ਨਵੀਂ ਦਿੱਲੀ: ਕਾਂਗਰਸ ਦੇ ਸੀਨੀਅਰ ਨੇਤਾ ਕਪਿਲ ਸਿੱਬਲ ਨੇ ਸੁਸ਼ਮਿਤਾ ਦੇਵ ਦੇ ਪਾਰਟੀ ਛੱਡਣ ਮਗਰੋਂ ਕਾਂਗਰਸ ਦੀ ਕਾਰਜ ਪ੍ਰਣਾਲੀ ’ਤੇ ਸਵਾਲ ਖੜ੍ਹੇ ਕਰਦਿਆਂ ਅੱਜ ਕਿਹਾ ਕਿ ਪਾਰਟੀ ਨੇ ਅੱਖਾਂ ਮੀਚ ਰੱਖੀਆਂ ਹਨ। ਉਨ੍ਹਾਂ ਟਵੀਟ ਕੀਤਾ, ‘ਸੁਸ਼ਮਿਤਾ ਦੇਵ ਨੇ ਸਾਡੀ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਹੈ। ਨੌਜਵਾਨ ਸਾਡੀ ਪਾਰਟੀ ਛੱਡਦੇ ਜਾ ਰਹੇ ਹਨ ਅਤੇ ਪਾਰਟੀ ਨੂੰ ਬਚਾਉਣ ਦੀ ਕੋਸ਼ਿਸ਼ ਕਰਨ ਵਾਲੇ ਸੀਨੀਅਰ ਆਗੂਆਂ ਦੇ ਸੁਹਿਰਦ ਯਤਨਾਂ ’ਤੇ ਵੀ ਉਂਗਲ ਧਰੀ ਜਾਂਦੀ ਹੈ।’ ਉਨ੍ਹਾਂ ਕਿਹਾ ਕਿ ਪਾਰਟੀ ਨੂੰ ਵੀ ਅੱਖਾਂ ਖੋਲ੍ਹ ਲੈਣੀਆਂ ਚਾਹੀਦੀਆਂ ਹਨ। -ਪੀਟੀਆਈ