ਚੇਨੱਈ, 12 ਜਨਵਰੀ
ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ 14 ਜਨਵਰੀ ਨੂੰ ‘ਪੋਂਗਲ’ ਵਾਲੇ ਦਿਨ ਤਾਮਿਲਨਾਡੂ ਦਾ ਦੌਰਾ ਕਰਨਗੇ ਤੇ ‘ਜੱਲੀਕੱਟੂ’ ਨਾਲ ਸਬੰਧਤ ਪ੍ਰੋਗਰਾਮ ਵਿੱਚ ਹਿੱਸਾ ਲੈਣਗੇ। ਪਾਰਟੀ ਦੇ ਸੂਬਾ ਪ੍ਰਧਾਨ ਕੇ.ਐੱਸ. ਅਲਾਗਿਰੀ ਨੇ ਇਹ ਜਾਣਕਾਰੀ ਦਿੱਤੀ। ‘ਜੱਲੀਕੱਟੂ’ ਵਿੱਚ ਲੋਕ ਬੈਲਾਂ ਨੂੰ ਫੜਨ ਤੇ ਉਨ੍ਹਾਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕਰਦੇ ਹਨ। ਕਾਂਗਰਸ ਦੇ ਸੂਬਾਈ ਪ੍ਰਧਾਨ ਨੇ ਦੱਸਿਆ ਕਿ ਰਾਹੁਲ ਗਾਂਧੀ ਮਦੁਰਾਇ ਜ਼ਿਲ੍ਹੇ ਦੇ ਅਵਨੀਪੁਰਮ ਵਿੱਚ ਜੱਲੀਕੱਟੂ ਪ੍ਰੋਗਰਾਮ ਵਿੱਚ ਦਰਸ਼ਕ ਵਜੋਂ ਪੁੱਜਣਗੇ ਤੇ ਖੇਤੀ ਕਾਨੂੰਨਾਂ ਖ਼ਿਲਾਫ਼ ਅੰਦੋਲਨ ਕਰ ਰਹੇ ਕਿਸਾਨਾਂ ਨੂੰ ਆਪਣਾ ਨੈਤਿਕ ਸਮਰਥਨ ਦੇਣਗੇ। ਉਨ੍ਹਾਂ ਆਖਿਆ ਕਿ ਬੈਲ ਕਿਸਾਨਾਂ ਦਾ ਪ੍ਰਤੀਕ ਤੇ ਉਨ੍ਹਾਂ ਦੀ ਜ਼ਿੰਦਗੀ ਦਾ ਹਿੱਸਾ ਹਨ। ਖੇਤੀ ਨਾਲ ਸਬੰਧਤ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋ ਕੇ ਰਾਹੁਲ ਗਾਂਧੀ ਕਿਸਾਨਾਂ ਨੂੰ ਸਨਮਾਨ ਦੇਣਗੇ ਤੇ ਇਸ ਦੌਰਾਨ ਕੋਈ ਚੋਣ ਪ੍ਰਚਾਰ ਨਹੀਂ ਹੋਵੇਗਾ। ਉਨ੍ਹਾਂ ਨੇ ਦਾਅਵਾ ਕੀਤਾ ਕਿ ਤਾਮਿਲਨਾਡੂ ਦੇ ਮੁੱਖ ਮੰਤਰੀ ਕੇ.ਪਲਾਨੀਸਵਾਮੀ ਅਤੇ ਉਨ੍ਹਾਂ ਦੀ ਪਾਰਟੀ ਨੇ ਤਿੰਨ ਖੇਤੀ ਕਾਨੂੰਨਾਂ ਸਬੰਧੀ ਕੇਂਦਰ ਸਰਕਾਰ ਦੀ ਹਮਾਇਤ ਕੀਤੀ ਜਦਕਿ ਸੂਬੇ ਦੀ ਕਿਸੇ ਹੋਰ ਪਾਰਟੀ ਨੇ ਇਨ੍ਹਾਂ ਕਾਨੂੰਨਾਂ ਦਾ ਸਮਰਥਨ ਨਹੀਂ ਕੀਤਾ।
-ਪੀਟੀਆਈ