ਨਵੀਂ ਦਿੱਲੀ, 18 ਫਰਵਰੀ
ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਅੱਜ ਕਿਹਾ ਕਿ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਲਾਲੂ ਪ੍ਰਸਾਦ ਯਾਦਵ ‘ਤੇ ਭਾਜਪਾ ਦੀ ਰਾਜਨੀਤੀ ਅੱਗੇ ਨਾ ਝੁਕਣ ਕਾਰਨ ਹਮਲੇ ਕੀਤੇ ਜਾ ਰਹੇ ਹਨ। ਉਨ੍ਹਾਂ ਆਸ ਪ੍ਰਗਟਾਈ ਕਿ ਲਾਲੂ ਪ੍ਰਸਾਦ ਨੂੰ ਨਿਆਂ ਮਿਲੇਗਾ। ਪ੍ਰਿਯੰਕਾ ਗਾਂਧੀ ਨੇ ਟਵੀਟ ਕੀਤਾ, ‘ਭਾਜਪਾ ਦੀ ਰਾਜਨੀਤੀ ਦਾ ਇਹ ਅਹਿਮ ਪੱਖ ਹੈ ਕਿ ਜੋ ਵੀ ਉਸ ਦੇ ਅੱਗੇ ਨਹੀਂ ਝੁਕਦਾ, ਉਸ ਨੂੰ ਹਰ ਤਰ੍ਹਾਂ ਨਾਲ ਪ੍ਰੇਸ਼ਾਨ ਕੀਤਾ ਜਾਂਦਾ ਹੈ। ਇਸੇ ਸਿਆਸਤ ਕਾਰਨ ਲਾਲੂ ਪ੍ਰਸਾਦ ਯਾਦਵ ਜੀ ‘ਤੇ ਹਮਲੇ ਹੋ ਰਹੇ ਹਨ। ਮੈਨੂੰ ਉਮੀਦ ਹੈ ਕਿ ਉਨ੍ਹਾਂ ਨੂੰ ਨਿਆਂ ਮਿਲੇਗਾ।’ ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਮੰਗਲਵਾਰ ਨੂੰ ਡੋਰੰਡਾ ਖਜ਼ਾਨੇ ਤੋਂ 139.35 ਕਰੋੜ ਰੁਪਏ ਦੀ ਗੈਰ-ਕਾਨੂੰਨੀ ਨਿਕਾਸੀ ਦੇ ਸਭ ਤੋਂ ਵੱਡੇ ਚਾਰਾ ਘੁਟਾਲੇ ਦੇ ਮਾਮਲੇ ਲਾਲੂ ਪ੍ਰਸਾਦ ਯਾਦਵ ਸਮੇਤ 41 ਨੂੰ ਦੋਸ਼ੀ ਕਰਾਰ ਦਿੱਤਾ। ਜ਼ਾਬਤੇ ਦੀ ਧਾਰਾ 120ਬੀ ਅਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀਆਂ ਧਾਰਾਵਾਂ ਤਹਿਤ ਉਨ੍ਹਾਂ ਨੂੰ ਜੇਲ੍ਹ ਭੇਜਣ ਦਾ ਨਿਰਦੇਸ਼ ਦਿੱਤਾ ਗਿਆ ਸੀ ਅਤੇ ਹੁਣ ਸਜ਼ਾ ਬਾਰੇ ਸੁਣਵਾਈ 21 ਫਰਵਰੀ ਨੂੰ ਹੋਵੇਗੀ।